ਵਾਸ਼ਿੰਗਟਨ : ਨਿਊਯਾਰਕ ਅਤੇ ਕੈਲੀਫੋਰਨੀਆ ਸਮੇਤ ਅਮਰੀਕਾ ਦੇ ਕਈ ਰਾਜਾਂ ਨੇ ਮੇਟਾ ਪਲੇਟਫਾਰਮ ਇੰਕ ਖਿਲਾਫ ਮੁਕੱਦਮਾ ਦਾਇਰ ਕੀਤਾ ਹੈ, ਜਿਸ ’ਚ ਦੋਸ਼ ਲਗਾਇਆ ਗਿਆ ਹੈ ਕਿ ਉਹ ਜਾਣਬੁੱਝ ਕੇ ਇੰਸਟਾਗ੍ਰਾਮ ਅਤੇ ਫੇਸਬੁੱਕ ਲਈ ਅਜਿਹੇ ਫੀਚਰ ਤਿਆਰ ਕਰ ਰਹੇ ਹਨ, ਜੋ ਬੱਚਿਆਂ ਨੂੰ ਕੰਪਨੀ ਦੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਆਦੀ ਬਣਾਉਂਦੇ ਹਨ ਅਤੇ ਨੌਜਵਾਨਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ ਤੇ ਨਾਲ ਹੀ ਉਨ੍ਹਾਂ ’ਚ ਮਾਨਸਿਕ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਪੈਦਾ ਕਰਦੇ ਹਨ। 33 ਰਾਜਾਂ ਦੀ ਤਰਫੋਂ ਕੈਲੀਫੋਰਨੀਆ ਦੀ ਸੰਘੀ ਅਦਾਲਤ ’ਚ ਦਾਇਰ ਕੀਤੇ ਮੁਕੱਦਮੇ ’ਚ ਦਾਅਵਾ ਕੀਤਾ ਗਿਆ ਹੈ ਕਿ ਮੇਟਾ ਨਿਯਮ ਦੀ ਉਲੰਘਣਾ ਕਰਦੇ ਹੋਏ 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਡਾਟਾ ਉਨ੍ਹਾਂ ਦੇ ਮਾਪਿਆਂ ਦੀ ਸਹਿਮਤੀ ਤੋਂ ਬਿਨਾਂ ਇਕੱਠਾ ਕਰਦੀ ਹੈ। ਇਸ ਤੋਂ ਇਲਾਵਾ ਨੌਂ ਅਟਾਰਨੀ ਜਨਰਲ ਵੀ ਆਪੋ-ਆਪਣੇ ਸੂਬਿਆਂ ’ਚ ਮੇਟਾ ਵਿਰੁੱਧ ਮੁਕੱਦਮੇ ਦਾਇਰ ਕਰ ਰਹੇ ਹਨ, ਜਿਸ ਨਾਲ ਕੰਪਨੀ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਵਾਲੇ ਸੂਬਿਆਂ ਦੀ ਗਿਣਤੀ 41 ਹੋ ਗਈ ਹੈ। ਇਸ ਦੌਰਾਨ ਮੇਟਾ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਕੰਪਨੀ ਇੰਟਰਨੈੱਟ ’ਤੇ ਅੱਲ੍ਹੜਾਂ ਨੂੰ ਸੁਰੱਖਿਅਤ ਅਤੇ ਸਕਾਰਾਤਮਕ ਅਨੁਭਵ ਪ੍ਰਦਾਨ ਕਰਨ ਲਈ ਅਟਾਰਨੀ ਜਨਰਲ ਦੀ ਵਚਨਬੱਧਤਾ ਦਾ ਸਮਰਥਨ ਕਰਦੀ ਹੈ। ਕੰਪਨੀ ਅੱਲ੍ਹੜਾਂ ਅਤੇ ਉਨ੍ਹਾਂ ਦੇ ਪਰਵਾਰਾਂ ਦੀ ਮਦਦ ਲਈ ਪਹਿਲਾਂ ਹੀ 30 ਤੋਂ ਵੱਧ ਟੂਲ ਜਾਰੀ ਕਰ ਚੁੱਕੀ ਹੈ।




