ਇਜ਼ਰਾਈਲ ਨੂੰ ਟੱਕਰਨ ਲਈ ਲੜਾਕਾ ਗਰੁੱਪਾਂ ਦੀ ਬੈਠਕ

0
285

ਬੇਰੂਤ : ਲਿਬਨਾਨ ਦੇ ਹਿਜ਼ਬੁਲ੍ਹਾ ਗਰੁੱਪ ਦੇ ਮੁਖੀ ਸਈਅਦ ਹਸਨ ਨਸਰੱਲ੍ਹਾ ਨੇ ਫਲਸਤੀਨੀ ਲੜਾਕੇ ਗਰੁੱਪਾਂ ਹਮਾਸ ਤੇ ਇਸਲਾਮਿਕ ਜਿਹਾਦ ਦੇ ਸਿਖਰਲੇ ਆਗੂਆਂ ਨਾਲ ਮੁਲਾਕਾਤ ਕਰਕੇ ਜਾਇਜ਼ਾ ਲਿਆ ਕਿ ਉਨ੍ਹਾਂ ਦੇ ਗੱਠਜੋੜ ਨੂੰ ਜਿੱਤ ਹਾਸਲ ਕਰਨ ਲਈ ਕੀ ਕਰਨਾ ਚਾਹੀਦਾ ਹੈ।
ਅਲ-ਮੀਨਾਰ ਟੀ ਵੀ ਦੀ ਰਿਪੋਰਟ ਮੁਤਾਬਕ ਬੈਠਕ ਵਿਚ ਨਸਰੱਲ੍ਹਾ ਤੋਂ ਇਲਾਵਾ ਹਮਾਸ ਦੇ ਡਿਪਟੀ ਚੀਫ ਸਾਲੇਹ ਅਲ-ਅਰੌਰੀ ਤੇ ਇਸਲਾਮਿਕ ਜਿਹਾਦ ਦੇ ਚੀਫ ਜ਼ਿਆਦ ਅਲ-ਨਖਲਾ ਮੌਜੂਦ ਸਨ। ਅਮਰੀਕਾ ਨੇ ਈਰਾਨ ਦੀ ਹਮਾਇਤ ਹਾਸਲ ਇਨ੍ਹਾਂ ਗਰੁੱਪਾਂ ਦੇ ਸਰਗਰਮ ਹੋਣ ਦੀਆਂ ਰਿਪੋਰਟਾਂ ਦਰਮਿਆਨ ਈਰਾਨ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਜੰਗ ਵਿਚ ਦਖਲ ਨਾ ਦੇਵੇ, ਨਹੀਂ ਤਾਂ ਨਤੀਜੇ ਭਿਆਨਕ ਨਿਕਲਣਗੇ। ਅਲ-ਮੀਨਾਰ ਨੇ ਈਰਾਨ, ਫਲਸਤੀਨੀ ਲੜਾਕਾ ਗਰੁੱਪਾਂ, ਸੀਰੀਆ, ਲਿਬਨਾਨ ਦੇ ਹਿਜ਼ਬੁਲ੍ਹਾ ਤੇ ਹੋਰਨਾਂ ਗਰੁੱਪਾਂ ਦੇ ਗੱਠਜੋੜ ਦਾ ਜ਼ਿਕਰ ਕਰਦਿਆਂ ਕਿਹਾ ਕਿ ਬੈਠਕ ਵਿਚ ਕੌਮਾਂਤਰੀ ਪੱਧਰ ’ਤੇ ਬਣ ਰਹੇ ਹਾਲਾਤ ਦਾ ਜਾਇਜ਼ਾ ਲਿਆ ਗਿਆ ਅਤੇ ਮੁਜ਼ਾਹਮਤ ਲਈ ਅਪਣਾਈ ਜਾਣ ਵਾਲੀ ਨੀਤੀ ’ਤੇ ਵਿਚਾਰ ਕੀਤਾ ਗਿਆ। ‘ਯੇਰੂਸ਼ਲਮ ਪੋਸਟ’ ਦੀ ਰਿਪੋਰਟ ਮੁਤਾਬਕ ਬੈਠਕ ਇਸ ਨਜ਼ਰੀਏ ਤੋਂ ਅਹਿਮ ਸੀ ਕਿ ਈਰਾਨ ਕਈ ਵਰ੍ਹਿਆਂ ਤੋਂ ਇਜ਼ਰਾਈਲ ਵਿਰੋਧੀ ਸਾਰੇ ਮੋਰਚਿਆਂ ਨੂੰ ਇਕਜੁੱਟ ਕਰਨਾ ਚਾਹ ਰਿਹਾ ਹੈ। ਬੈਠਕ ਵਿਚ ਸਾਰੇ ਗਰੁੱਪਾਂ ਦੇ ਮੁਖੀਆਂ ਨੇ ‘ਜਿੱਤ’ ਹਾਸਲ ਕਰਨ ਦੇ ਤਰੀਕਿਆਂ ’ਤੇ ਚਰਚਾ ਕੀਤੀ। ਇੰਜ ਲੱਗਦਾ ਹੈ ਕਿ ਇਹ ਪਹਿਲਾਂ ਦੀ ਤੁਲਨਾ ਵਿਚ ਵੱਡਾ ਅਪਰੇਸ਼ਨ ਕਰਨਾ ਚਾਹੁੰਦੇ ਹਨ।

LEAVE A REPLY

Please enter your comment!
Please enter your name here