ਜੈਪੁਰ : ਰਾਜਸਥਾਨ ਦੇ ਹਨੂੰਮਾਨਗੜ੍ਹ ਜ਼ਿਲ੍ਹੇ ‘ਚ ਮੋਗਾ ਹਾਈਵੇ ‘ਤੇ ਕਾਰ ਤੇ ਟਰੱਕ ਦੀ ਸਿੱਧੀ ਟੱਕਰ ‘ਚ ਇੱਕ ਹੀ ਪਰਵਾਰ ਦੇ 7 ਜੀਆਂ ਦੀ ਮੌਤ ਹੋ ਗਈ, ਜਦਕਿ ਦੋ ਹੋਰ ਜ਼ਖਮੀ ਹੋ ਗਏ | ਘਟਨਾ ਸਨਿੱਚਰਵਾਰ ਦੇਰ ਰਾਤ ਹਨੂੰਮਾਨਗੜ੍ਹ ਸਿਟੀ ਥਾਣਾ ਖੇਤਰ ‘ਚ ਵਾਪਰੀ | ਥਾਣਾ ਸਦਰ ਦੇ ਇੰਚਾਰਜ ਵੇਦਪਾਲ ਨੇ ਦੱਸਿਆ ਕਿ ਮੋਗਾ ਹਾਈਵੇ ‘ਤੇ ਨੌਰੰਗਦੇਸਰ ਨੇੜੇ ਕਾਰ ਅਤੇ ਟਰੱਕ ਵਿਚਾਲੇ ਟੱਕਰ ‘ਚ ਕਾਰ ਸਵਾਰ ਪਰਮਜੀਤ ਕੌਰ (60), ਖੁਸ਼ਵਿੰਦਰ ਸਿੰਘ (25), ਉਸ ਦੀ ਪਤਨੀ ਪਰਮਜੀਤ ਕੌਰ (22), ਪੁੱਤਰ ਮਨਜੋਤ ਸਿੰਘ (ਪੰਜ), ਰਾਮਪਾਲ (36), ਉਸ ਦੀ ਪਤਨੀ ਰੀਨਾ (35), ਧੀ ਰੀਤ (12) ਦੀ ਮੌਤ ਹੋ ਗਈ | ਰਾਮਪਾਲ ਦੇ ਪੁੱਤਰ ਅਕਾਸ਼ਦੀਪ ਸਿੰਘ (14) ਅਤੇ ਖੁਸ਼ਵਿੰਦਰ ਸਿੰਘ ਦੀ ਧੀ ਮਨਰਾਜ ਕੌਰ (ਦੋ) ਨੂੰ ਬੀਕਾਨੇਰ ਦੇ ਪੀ ਬੀ ਐੱਮ ਹਸਪਤਾਲ ‘ਚ ਰੈਫਰ ਕੀਤਾ ਗਿਆ ਹੈ | ਉਸ ਨੇ ਦੱਸਿਆ ਕਿ ਕਾਰ ‘ਚ ਸਵਾਰ ਇੱਕੋ ਪਰਵਾਰ ਦੇ ਨੌਂ ਮੈਂਬਰ ਕਿਸੇ ਪ੍ਰੋਗਰਾਮ ਤੋਂ ਘਰ ਪਰਤ ਰਹੇ ਸਨ |