ਨਵੀਂ ਦਿੱਲੀ : ਦਿੱਲੀ ਦੇ ਵਾਤਾਵਰਨ ਮੰਤਰੀ ਗੋਪਲ ਰਾਏ ਨੇ ਕੇਂਦਰ ਨੂੰ ਐਤਵਾਰ ਕੌਮੀ ਰਾਜਧਾਨੀ ਖੇਤਰ ‘ਚ ਹਰਿਆਣਾ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੇ ਇਲਾਕਿਆਂ ‘ਚੋਂ ਆਉਣ ਵਾਲੀਆਂ ਖਰਾਬ ਗੁਣਵੱਤਾ ਵਾਲੇ ਡੀਜ਼ਲ ਨਾਲ ਚੱਲਦੀਆਂ ਬੱਸਾਂ ‘ਤੇ ਪਾਬੰਦੀ ਲਾਉਣ ਦੀ ਮੰਗ ਕੀਤੀ | ਰਾਏ ਨੇ ਕਸ਼ਮੀਰੀ ਗੇਟ ਕੌਮਾਂਤਰੀ ਬੱਸ ਟਰਮੀਨਲ ਦਾ ਅਚਾਨਕ ਨਿਰੀਖਣ ਕੀਤਾ ਅਤੇ ਦੇਖਿਆ ਕਿ ਹਰਿਆਣਾ, ਰਾਜਸਥਾਨ ਤੇ ਉੱਤਰ ਪ੍ਰਦੇਸ਼ ‘ਚ ਰਜਿਸਟਰਡ ਸਾਰੀਆਂ ਬੱਸਾਂ ਬੀ ਐੱਸ-3 ਅਤੇ ਬੀ ਐੱਸ-4 ਸ਼੍ਰੇਣੀ ਵਾਲੀਆਂ ਹਨ | ਕੇਂਦਰ ਦੇ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ ਵੱਲੋਂ ਜਾਰੀ ਨਿਰਦੇਸ਼ ਮੁਤਾਬਕ ਪਹਿਲੀ ਨਵੰਬਰ ਤੋਂ ਦਿੱਲੀ ਅਤੇ ਕੌਮੀ ਰਾਜਧਾਨੀ ਖੇਤਰ ‘ਚ ਆਉਣ ਵਾਲੇ ਹਰਿਆਣਾ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੇ ਸ਼ਹਿਰਾਂ ਅਤੇ ਕਸਬਿਆਂ ਦਰਮਿਆਨ ਸਿਰਫ ਇਲੈਕਟਿ੍ਕ, ਸੀ ਐੱਨ ਜੀ ਅਤੇ ਬੀ ਐੱਸ-6 ਸ਼੍ਰੇਣੀ ਵਾਲੀਆਂ ਡੀਜ਼ਲ ਬੱਸਾਂ ਨੂੰ ਹੀ ਚਲਾਉਣ ਦੀ ਆਗਿਆ ਦਿੱਤੀ ਜਾਵੇਗੀ |