ਬੀਜਿੰਗ : ਚੀਨ ਦੇ ਵਿਦੇਸ਼ ਮੰਤਰੀ ਦਾ ਮੰਨਣਾ ਹੈ ਕਿ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ ਸੰਭਾਵੀ ਮੀਟਿੰਗ ਦਾ ‘ਰਾਹ ਆਸਾਨ ਨਹੀਂ’ ਰਹੇਗਾ ਅਤੇ ਸਿੱਟਿਆਂ ‘ਤੇ ਪਹੁੰਚਣ ਲਈ ਦੋਵਾਂ ਧਿਰਾਂ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ | ਚੀਨ ਦੇ ਵਿਦੇਸ਼ ਮੰਤਰਾਲੇ ਨੇ ਐਤਵਾਰ ਇਹ ਬਿਆਨ ਸਾਂਝਾ ਕੀਤਾ ਹੈ | ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਆਪਣੀ ਤਿੰਨ ਰੋਜ਼ਾ ਵਾਸ਼ਿੰਗਟਨ ਯਾਤਰਾ ਦੌਰਾਨ ਬਾਇਡਨ ਦੇ ਨਾਲ-ਨਾਲ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਅਤੇ ਕੌਮੀ ਸੁਰੱਖਿਆ ਸਲਾਹਕਾਰ ਜੈਕ ਸੁਲੀਵਾਨ ਨਾਲ ਵੀ ਮੁਲਾਕਾਤ ਕੀਤੀ ਸੀ | ਦੋਵਾਂ ਧਿਰਾਂ ਨੇ ਇਸ ਦੌਰਾਨ ਸਾਨ ਫਰਾਂਸਿਸਕੋ ‘ਚ ਨਵੰਬਰ ‘ਚ ਹੋਣ ਜਾ ਰਹੇ ਏਸ਼ੀਆ-ਪ੍ਰਸ਼ਾਂਤ ਆਰਥਕ ਸਹਿਯੋਗ ਮੰਚ ਦੇ ਸਿਖਰ ਸੰਮੇਲਨ ਤੋਂ ਵੱਖਰੇ ਤੌਰ ‘ਤੇ ਦੁਵੱਲੀ ਮੀਟਿੰਗ ਨੂੰ ਲੈ ਕੇ ਕੰਮ ਕਰਨ ‘ਤੇ ਸਹਿਮਤੀ ਪ੍ਰਗਟ ਕੀਤੀ ਹੈ |