13.3 C
Jalandhar
Sunday, December 22, 2024
spot_img

ਇੱਕ ਦਿਨ ਪਹਿਲਾਂ ਹੀ ਛਾ ਗਿਆ ਤਿੰਨ ਰੋਜ਼ਾ ‘ਮੇਲਾ ਗ਼ਦਰੀ ਬਾਬਿਆਂ ਦਾ’

ਜਲੰਧਰ (ਕੇਸਰ)-ਇਸ ਵਾਰ 32ਵਾਂ ਮੇਲਾ ਕਿਹੋ ਜਿਹੀਆਂ ਬੁਲੰਦੀਆਂ ਛੋਹੇਗਾ, ਇਸ ਦਾ ਪ੍ਰਮਾਣ ਅੱਜ ਉਸ ਵੇਲੇ ਮਿਲਿਆ, ਜਦੋਂ 30, 31 ਅਕਤੂਬਰ ਅਤੇ ਪਹਿਲੀ ਨਵੰਬਰ ਲੱਗਣ ਵਾਲਾ ‘ਮੇਲਾ ਗ਼ਦਰੀ ਬਾਬਿਆਂ’ ਦਾ ਇੱਕ ਦਿਨ ਪਹਿਲਾਂ 29 ਅਕਤੂਬਰ ਨੂੰ ਹੀ ਮੇਲੇ ਦਾ ਪ੍ਰਭਾਵ ਸਿਰਜਣ ‘ਚ ਸਫ਼ਲ ਹੋ ਗਿਆ |
ਵਰੁਣ ਟੰਡਨ, ਗੁਰਦੀਸ਼, ਇੰਦਰਜੀਤ ਜਲੰਧਰ, ਗੁਰਪ੍ਰੀਤ ਬਠਿੰਡਾ, ਸਵਰਨਜੀਤ ਸਵੀ, ਰਵਿੰਦਰ ਰਵੀ, ਰਣਜੋਧ ਸਿੰਘ ਲੁਧਿਆਣਾ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਦੀਆਂ ਕਲਾਕਿ੍ਤਾਂ ਵੱਡੇ ਪ੍ਰਦਰਸ਼ਨੀ ਹਾਲ ਵਿੱਚ ਸਜਾਉਣ ਲਈ ਇਹ ਸਾਰੇ ਨਾਮਵਰ ਚਿੱਤਰਕਾਰ, ਫੋਟੋ ਕਲਾਕਾਰ ਸਾਰਾ ਦਿਨ ਪ੍ਰਦਰਸ਼ਨੀ ਸਜਾਉਣ ‘ਚ ਰੁਝੇ ਰਹੇ |
ਇਉਂ ਹੀ ਬੁੱਤਸਾਜ਼ ਜਨਕ ਰਾਮਗੜ੍ਹ, ਉਹਨਾ ਦੀ ਜੀਵਨ ਸਾਥਣ ਅਮਨਦੀਪ ਕੌਰ, ਮਾਸਟਰ ਕੁਲਵਿੰਦਰ ਸਿੰਘ ਅਤੇ ਰੂਪ ਕਿਰਨ ਬਰਨਾਲਾ-ਮੋਗਾ ਦੀ ਹੱਦ ਤੋਂ ਗ਼ਦਰ ਪਾਰਟੀ ਦੇ ਬਾਨੀ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ, ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਬੀਬੀ ਗੁਲਾਬ ਕੌਰ ਦੇ ਬੁੱਤ ਤਿਆਰ ਕਰਕੇ ਲੈ ਕੇ ਆਏ, ਜੋ ਮੇਲਾ ਪ੍ਰਦਰਸ਼ਨੀ ਲਈ ਸਜਾ ਦਿੱਤੇ | ਮੇਲੇ ਉਪਰੰਤ ਇਹ ਬੁੱਤ ਦੇਸ਼ ਭਗਤ ਯਾਦਗਾਰ ਹਾਲ ਦੇ ਮਿਊਜ਼ੀਅਮ ਦਾ ਸਥਾਈ ਤੌਰ ‘ਤੇ ਹਿੱਸਾ ਬਣੇ ਰਹਿਣਗੇ | ਪੁਸਤਕ ਪ੍ਰਦਰਸ਼ਨੀ, ਜਿਸ ਦਾ ਆਗਾਜ਼ 30 ਅਕਤੂਬਰ ਸ਼ਾਮ 4 ਵਜੇ ਹੋਣਾ ਹੈ, ਉਸ ਨੂੰ ਹੁੰਗਾਰਾ ਐਨਾ ਮਿਲਿਆ ਕਿ ਅੱਜ ਹੀ ਵੱਡੀ ਗਿਣਤੀ ‘ਚ ਪੁਸਤਕਾਂ ਪ੍ਰਦਰਸ਼ਨੀ ਪੰਡਾਲ ਵਿੱਚ ਪੁੱਜ ਗਈਆਂ |
ਵਰੁਣ ਟੰਡਨ, ਉਹਨਾ ਦੀ ਧੀ ਸਾਰਾ ਖਟਕੜ ਕਲਾਂ ਅਤੇ ਜਲਿ੍ਹਆਂਵਾਲਾ ਬਾਗ਼ ਤੋਂ ਲਿਆਂਦੀ ਮਿੱਟੀ ਨਾਲ ਤਿਆਰ ਕੀਤੀਆਂ ਸ਼ਹੀਦ ਭਗਤ ਸਿੰਘ ਅਤੇ ਸ਼ਹੀਦ ਊਧਮ ਸਿੰਘ ਦੀਆਂ ਤਸਵੀਰਾਂ ਪ੍ਰਦਰਸ਼ਨੀ ‘ਚ ਸਜਾਉਣ ਲਈ ਲੈ ਕੇ ਆਏ | ਅੱਜ ਹਾਲ ਦੇ ਪ੍ਰਵੇਸ਼ ਦੁਆਰ ਦਾ ਗੇਟ ਪ੍ਰੋ. ਬਰਕਤ ਉੱਲਾ ਨਗਰ ਅਤੇ ਮੁੱਖ ਪੰਡਾਲ ਬੀਬੀ ਗੁਲਾਬ ਕੌਰ ਪੰਡਾਲ ਵਜੋਂ ਤਿਆਰ ਕਰ ਦਿੱਤਾ ਗਿਆ |
ਸਾਰਾ ਹਾਲ ਅੱਜ ਦੀਪਮਾਲਾ ਨਾਲ ਜਗਮਗ-ਜਗਮਗ ਕਰ ਉੱਠਿਆ |
ਇੰਗਲੈਂਡ ਤੋਂ ਆਏ ਮੱਖਣ ਸਿੰਘ ਮੰਡੀ (ਜਲੰਧਰ) ਅਤੇ ਉਹਨਾ ਨਾਲ ਜਸਵੰਤ ਸਿੰਘ ਤਰਕਸ਼ੀਲ ਸੁਸਾਇਟੀ ਯੂ ਕੇ ਲਿਸਟਰ ਬਰਾਂਚ ਵੱਲੋਂ 20 ਹਜ਼ਾਰ ਰੁਪਏ ਲੈ ਕੇ ਦੇਸ਼ ਭਗਤ ਹਾਲ ਪੁੱਜੇ | ਉਹਨਾਂ ਨਾਲ ਗਾਇਕ ਧਰਮਿੰਦਰ ਮਸਾਣੀ, ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੱਭਿਆਚਾਰਕ ਵਿਭਾਗ ਦੇ ਮੁੱਖੀ ਜੋਗਿੰਦਰ ਕੁੱਲੇਵਾਲ ਤੇ ਨਸੀਬ ਬੱਬੀ ਵੀ ਹਾਜ਼ਰ ਸਨ | ਚਿੱਤਰਕਲਾ, ਪੁਸਤਕ ਪ੍ਰਦਰਸ਼ਨੀ ਅਤੇ ਬੁੱਤ ਲੋਕ ਅਰਪਣ ਕਰਨ ਮੌਕੇ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪਿ੍ਥੀਪਾਲ ਸਿੰਘ ਮਾੜੀਮੇਘਾ, ਖਜ਼ਾਨਚੀ ਸੀਤਲ ਸਿੰਘ, ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਕਮੇਟੀ ਮੈਂਬਰ ਸੁਰਿੰਦਰ ਕੁਮਾਰੀ ਕੋਛੜ, ਹਰਵਿੰਦਰ ਭੰਡਾਲ, ਰਣਜੀਤ ਸਿੰਘ ਔਲਖ, ਵਿਜੈ ਬੰਬੇਲੀ, ਡਾ. ਸੈਲੇਸ਼, ਡਾ. ਤੇਜਿੰਦਰ ਵਿਰਲੀ ਅਤੇ ਤਿਆਰੀ ਕਮੇਟੀ ਨਾਲ ਜੁੜੇ ਸੱਭਿਆਚਾਰਕ ਕਾਮੇ ਵੀ ਹਾਜ਼ਰ ਸਨ |
30 ਨਵੰਬਰ ਸ਼ਾਮ 4 ਵਜੇ ਵਿਛੜੇ ਕਵੀਆਂ, ਲੇਖਕਾਂ, ਬੁੱਧੀਮਾਨਾਂ ਨੂੰ ਸਿਜਦਾ ਕਰਨ ਉਪਰੰਤ ਮੇਲੇ ‘ਚ ਸਮਾਗਮ ਸ਼ੁਰੂ ਹੋਏਗਾ : ‘ਅੱਜ ਦੀ ਸ਼ਾਮ: ਪੁਸਤਕ ਸੱਭਿਆਚਾਰ ਦੇ ਨਾਮ |’

Related Articles

LEAVE A REPLY

Please enter your comment!
Please enter your name here

Latest Articles