16.8 C
Jalandhar
Sunday, December 22, 2024
spot_img

ਪੁਸਤਕ ਸੱਭਿਆਚਾਰ ’ਤੇ ਵਿਚਾਰ-ਚਰਚਾ ਨਾਲ ਹੋਇਆ ਸ਼ੁਰੂ ‘ਮੇਲਾ ਗ਼ਦਰੀ ਬਾਬਿਆਂ ਦਾ’

ਜਲੰਧਰ (ਕੇਸਰ)-ਗ਼ਦਰੀ ਬਾਬਿਆਂ ਦਾ 32ਵਾਂ ਮੇਲਾ ਬੀਤੇ ਸਮੇਂ ਵਿਛੜੇ ਲੇਖਕਾਂ, ਕਵੀਆਂ, ‘ਗ਼ਦਰ’, ਸੁਰਜਨ ਜ਼ੀਰਵੀ, ਹਰਭਜਨ ਸਿੰਘ ਹੁੰਦਲ, ਬਾਰੂ ਸਤਵਰਗ, ਮਾਸਟਰ ਤਰਲੋਚਨ ਸਮਰਾਲਾ, ਦੇਸ ਰਾਜ ਕਾਲੀ, ਜਸਵੰਤ ਬੇਗੋਵਾਲ, ਡਾ. ਸੁਰਜੀਤ ਲ਼ੀ, ਸ਼ਿਵਨਾਥ ਤੇ ਪ੍ਰੋ. ਅਨੂਪ ਵਿਰਕ ਨੂੰ ਸਿਜਦਾ ਕਰਨ ਨਾਲ ਸ਼ੁਰੂ ਹੋਇਆ।
ਕਮੇਟੀ ਦੇ ਜਨਰਲ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ ਨੇ 32ਵੇਂ ਮੇਲੇ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਲੋਕਾਂ ਦੇ ਮਿਲੇ ਸਹਿਯੋਗ ਦੇ ਸਿਰ ’ਤੇ ਮੇਲਾ ਨਵੀਂਆਂ ਪੁਲਾਂਘਾਂ ਭਰਦਾ ਸਿਖਰਾਂ ਛੋਹੇਗਾ।
ਇਸ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਮੰਚ ਤੋਂ ਬੋਲਦਿਆਂ ਵਿਛੜੇ ਸਾਹਿਤਕਾਰਾਂ, ਲੇਖਕਾਂ, ਕਵੀਆਂ ਨੂੰ ਕਮੇਟੀ ਤਰਫ਼ੋਂ ਸ਼ਰਧਾਂਜ਼ਲੀ ਭੇਟ ਕੀਤੀ। ਉਹਨਾਂ ਦੀਆਂ ਕਾਵਿ-ਵੰਨਗੀਆਂ ਦੇ ਹਵਾਲੇ ਨਾਲ਼ ਕਿਹਾ ਕਿ ਉਹ ਸਿਰਫ਼ ਜਿਸਮਾਨੀ ਤੌਰ ’ਤੇ ਵਿਛੜੇ ਹਨ, ਉਹ ਸਾਡੇ ਰਾਹਾਂ ਅਤੇ ਸਾਹਾਂ ਵਿੱਚ ਸਦਾ ਵਸਦੇ ਰਹਿਣਗੇ। ਉਹਨਾ ਕਿਹਾ ਕਿ 2 ਨਵੰਬਰ ਸਰਘੀ ਵੇਲੇ ਤੱਕ ਚੱਲਣ ਵਾਲਾ ਤਿੰਨ ਰੋਜ਼ਾ ‘ਮੇਲਾ ਗ਼ਦਰੀ ਬਾਬਿਆਂ ਦਾ’, ਗ਼ਦਰੀ ਬਾਬਿਆਂ ਦੀ ਵਿਰਾਸਤ ਅਤੇ ਅਜੋਕੀਆਂ ਚੁਣੌਤੀਆਂ ਨੂੰ ਸਮਰਪਤ ਹੋਣ ਕਾਰਨ ਸਾਡੇ ਸਮਿਆਂ ਦੇ ਭਖ਼ਦੇ ਸੁਆਲਾਂ ਨੂੰ ਸਾਡੀ ਅਮੀਰ ਇਤਿਹਾਸਕ ਵਿਰਾਸਤ ਦੀ ਰੌਸ਼ਨੀ ’ਚ ਫ਼ਤਹਿ ਕਰਨ ਵਾਲਾ ਚਿੰਤਨ ਸਿਰਜਣ ਵਿੱਚ ਅਹਿਮ ਯੋਗਦਾਨ ਪਾਏਗਾ। ਜਗਸੀਰ ਮਹਿਰਾਜ ਨੇ ਬਾਰੂ ਸਤਵਰਗ ਦੀ ਰਚਨਾ ਹੋਕਾ, ‘ਇਹ ਪੰਧ ਲੰਮੇਰਾ ਮੰਜ਼ਲ ਦਾ, ਕੰਡਿਆਂ ’ਤੇ ਤੁਰਨਾ ਪੈਂਦਾ ਏ’ ਬੁਲੰਦ ਆਵਾਜ਼ ਵਿੱਚ ਪੇਸ਼ ਕੀਤੀ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਅਤੇ ਇਤਿਹਾਸ ਕਮੇਟੀ ਦੇ ਕਨਵੀਨਰ ਹਰਵਿੰਦਰ ਭੰਡਾਲ ਦੀ ਮੰਚ ਸੰਚਾਲਨ ’ਚ ਇਹ ਸ਼ਾਮ : ਪੁਸਤਕ ਸੱਭਿਆਚਾਰ ਦੇ ਨਾਮ ’ਤੇ ਵਿਚਾਰ-ਚਰਚਾ ਹੋਈ।
ਕਿਤਾਬ ਘਰ-ਘਰ ਕਿਵੇਂ ਪਹੁੰਚੇ, ਕੀ ਕਿਤਾਬ ਦੀ ਵੱਧ-ਘੱਟ ਵਿਕਰੀ ਹੀ ਉਸ ਕਿਤਾਬ ਦੇ ਮਿਆਰ ਨੂੰ ਮਾਪਣ ਦਾ ਪੈਮਾਨਾ ਹੁੰਦੀ ਹੈ, ਸਮੇਤ ਸੋਸ਼ਲ ਮੀਡੀਆ ਦੇ ਹੱਲੇ ਨਾਲ ਜੁੜੇ ਸੁਆਲ ਕਰਨ ਵਾਲਿਆਂ ਵਿੱਚ ਜਗਵਿੰਦਰ ਜੋਧਾ ਅਤੇ ਅਰਸ਼ ਸ਼ਾਮਲ ਸਨ।
ਇਸ ਵਿਚਾਰ-ਚਰਚਾ ’ਚ ਜਸਬੀਰ ਬੇਗ਼ਮਪੁਰੀ, ਅੰਮਿ੍ਰਤਦੀਪ ਕੌਰ, ਕੇਸਰ, ਅਰੁਣ ਤੋਂ ਇਲਾਵਾ ਡਾ. ਹਰਜਿੰਦਰ ਸਿੰਘ ਅਟਵਾਲ ਨੇ ਪੁਸਤਕ ਰਚਨਾ, ਵਿਸ਼ਾ-ਵਸਤੂ, ਪਾਠਕ ਵਰਗ ਬਾਰੇ ਵਿਚਾਰਾਂ ਕੀਤੀਆਂ। ਉਹਨਾਂ ਕਿਹਾ ਕਿ ਪੁਸਤਕ ਸੱਭਿਆਚਾਰ ਦਾ ਕੋਈ ਬਦਲ ਨਹੀਂ। ਅਨੇਕਾਂ ਦੁਸ਼ਵਾਰੀਆਂ ਦੇ ਬਾਵਜੂਦ ਜੇਕਰ ਇਸ ਧਰਤੀ ’ਤੇ ਅਨਿਆਂ ਰਹੇਗਾ ਅਤੇ ਮਨੁੱਖ ਦੀ ਆਜ਼ਾਦੀ ਨੂੰ ਗ੍ਰਹਿਣ ਲਾਉਣ ਦਾ ਯਤਨ ਕੀਤਾ ਜਾੲਗਾ ਤਾਂ ਚੇਤਨਾ ਦੀਆਂ ਮੋਮਬੱਤੀਆਂ ਬਣ ਕੇ ਕਿਤਾਬਾਂ ਵੀ ਜਗਦੀਆਂ ਰਹਿਣਗੀਆਂ।
ਅਖੀਰ ’ਚ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਨੇ ਪੁਸਤਕ ਸੱਭਿਆਚਾਰ ’ਚ ਵਿਸ਼ੇ ਦੇ ਤੱਤ ਅਤੇ ਕਲਾਤਮਕ ਪੱਖ ਦੇ ਸੁਮੇਲ ਦੀ ਮਹੱਤਤਾ ਬਾਰੇ ਜ਼ੋਰ ਦਿੱਤਾ ਅਤੇ ਸਾਰਥਕ ਵਿਚਾਰ-ਚਰਚਾ ਲਈ ਸਭਨਾਂ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਕਮੇਟੀ ਦੇ ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ, ਖ਼ਜ਼ਾਨਚੀ ਸੀਤਲ ਸਿੰਘ ਸੰਘਾ, ਕਮੇਟੀ ਮੈਂਬਰ ਸੁਰਿੰਦਰ ਕੁਮਾਰੀ ਕੋਛੜ, ਮੰਗਤ ਰਾਮ ਪਾਸਲਾ, ਡਾ. ਪਰਮਿੰਦਰ, ਰਮਿੰਦਰ ਪਟਿਆਲਾ, ਪ੍ਰਗਟ ਸਿੰਘ ਜਾਮਾਰਾਏ, ਦੇਵ ਰਾਜ ਨਈਅਰ, ਹਰਮੇਸ਼ ਮਾਲੜੀ, ਡਾ. ਸੈਲੇਸ਼ ਅਤੇ ਪ੍ਰੋ. ਤੇਜਿੰਦਰ ਵਿਰਲੀ ਹਾਜ਼ਰ ਸਨ।

Related Articles

LEAVE A REPLY

Please enter your comment!
Please enter your name here

Latest Articles