ਮਾਸਕੋ : ਇਜ਼ਰਾਈਲ ਦੇ ਤਲ ਅਵੀਵ ਤੋਂ ਯਾਤਰੀਆਂ ਦੀ ਆਮਦ ਦੇ ਵਿਰੋਧ ਵਿਚ ਸੈਂਕੜੇ ਲੋਕਾਂ ਨੇ ਰੂਸ ਦੇ ਦਾਗਿਸਤਾਨ ਖੇਤਰ ਦੇ ਮੁੱਖ ਹਵਾਈ ਅੱਡੇ ’ਤੇ ਪ੍ਰਦਰਸ਼ਨ ਕੀਤਾ ਅਤੇ ਜਹਾਜ਼ ਉਤਰਨ ਵਾਲੀ ਥਾਂ ’ਤੇ ਯਹੂਦੀ ਵਿਰੋਧੀ ਨਾਅਰੇ ਲਗਾਏ। ਭੀੜ ਨੇ ਰੂਸੀ ਏਅਰਲਾਈਨ ‘ਰੈੱਡ ਵਿੰਗਜ਼’ ਦੇ ਜਹਾਜ਼ ਨੂੰ ਘੇਰ ਲਿਆ। ਮਖਛਕਲਾ ਵਿਚ ਹਵਾਈ ਅੱਡਾ ਬੰਦ ਕਰ ਦਿੱਤਾ ਗਿਆ ਅਤੇ ਉਥੇ ਵੱਡੀ ਗਿਣਤੀ ਵਿਚ ਪੁਲਸ ਜਵਾਨ ਤਾਇਨਾਤ ਕੀਤੇ ਗਏ ਹਨ।
ਮਖਛਲਕਾ ਦਾਗਿਸਤਾਨ ਦੀ ਰਾਜਧਾਨੀ ਹੈ ਤੇ ਮੁੱਖ ਤੌਰ ’ਤੇ ਮੁਸਲਿਮ ਖੇਤਰ। ਦਾਗਿਸਤਾਨ ਦੇ ਸਿਹਤ ਮੰਤਰਾਲੇ ਨੇ ਦੱਸਿਆ ਕਿ ਇਸ ਘਟਨਾ ’ਚ 20 ਤੋਂ ਵੱਧ ਵਿਅਕਤੀ ਜ਼ਖਮੀ ਹੋਏ ਹਨ, ਜਿਨ੍ਹਾਂ ’ਚੋਂ ਦੋ ਦੀ ਹਾਲਤ ਗੰਭੀਰ ਹੈ।