ਮੁੰਬਈ : ਮਹਾਰਾਸ਼ਟਰ ਵਿਚ ਅਗਸਤ ਤੋਂ ਜਾਰੀ ਮਰਾਠਾ ਰਿਜ਼ਰਵੇਸ਼ਨ ਅੰਦੋਲਨ ਸੋਮਵਾਰ ਹਿੰਸਕ ਹੋ ਗਿਆ ਜਦੋਂ ਲੋਕਾਂ ਨੇ ਬੀਡ ਦੇ ਮਾਜਲਗਾਂਵ ਵਿਚ ਐੱਨ ਸੀ ਪੀ ਦੇ ਅਜੀਤ ਗਰੁੱਪ ਦੇ ਵਿਧਾਇਕ ਪ੍ਰਕਾਸ਼ ਸੋਲੰਕੇ ਦੇ ਘਰ ਤੇ ਦਫਤਰ ’ਤੇ ਪੱਥਰਬਾਜ਼ੀ ਕੀਤੀ ਤੇ ਦਰਜਨਾਂ ਬਾਈਕਾਂ ਤੇ ਕਾਰ ਨੂੰ ਅੱਗ ਲਾ ਦਿੱਤੀ। ਬੀਤੇ ਦਿਨੀਂ ਇਕ ਵੀਡੀਓ ਵਾਇਰਲ ਹੋਇਆ ਸੀ, ਜਿਸ ਵਿਚ ਸੋਲੰਕੇ ਮਰਾਠਾ ਰਿਜ਼ਰਵੇਸ਼ਨ ਦੀ ਮੰਗ ਕਰਨ ਵਾਲੇ ਮਨੋਜ ਜਾਰੰਗੇ ਖਿਲਾਫ ਬੋਲਦੇ ਨਜ਼ਰ ਆਏ ਸਨ। ਸੋਲੰਕੇ ਨੇ ਕਿਹਾ-ਹਮਲੇ ਵੇਲੇ ਮੈਂ ਘਰ ਵਿਚ ਸੀ। ਹਾਲਾਂਕਿ ਮੇਰੇ ਪਰਵਾਰ ਦਾ ਕੋਈ ਜੀਅ ਜਾਂ ਮੁਲਾਜ਼ਮ ਜ਼ਖਮੀ ਨਹੀਂ ਹੋਇਆ। ਸੰਪਤੀ ਦਾ ਕਾਫੀ ਨੁਕਸਾਨ ਹੋਇਆ ਹੈ। ਅੰਦੋਲਨਕਾਰੀਆਂ ਨੇ ਕੇਂਦਰੀ ਮਹਾਰਾਸ਼ਟਰ ਦੇ ਛਤਰਪਤੀ ਸਾਂਭਾਜੀਨਗਰ ਜ਼ਿਲ੍ਹੇ ਦੇ ਗੰਗਾਪੁਰ ’ਚ ਭਾਜਪਾ ਵਿਧਾਇਕ ਪ੍ਰਸ਼ਾਂਤ ਬੰਬ ਦੇ ਦਫਤਰ ’ਤੇ ਵੀ ਹਮਲਾ ਕੀਤਾ। ਰਿਜ਼ਰਵੇਸ਼ਨ ਅੰਦੋਲਨ ਦੌਰਾਨ 29 ਅਕਤੂਬਰ ਨੂੰ ਬੀਡ ਜ਼ਿਲ੍ਹੇ ਦੀ ਪਰਲੀ ਤਹਿਸੀਲ ਦੇ ਨੌਜਵਾਨ ਗੰਗਾ ਭੀਸ਼ਣ ਰਾਮਰਾਵ ਵੱਲੋਂ ਖੁਦਕੁਸ਼ੀ ਕਰਨ ਨਾਲ ਸੂਬੇ ਵਿਚ 11 ਦਿਨਾਂ ਵਿਚ ਖੁਦਕੁਸ਼ੀਆਂ ਕਰਨ ਵਾਲਿਆਂ ਦੀ ਗਿਣਤੀ 13 ਹੋ ਗਈ ਹੈ। ਅੰਦੋਲਨ ਦੇ ਹੱਕ ਵਿਚ ਹਿੰਗੋਲੀ ਦੇ ਸ਼ਿਵ ਸੈਨਾ ਸ਼ਿੰਦੇ ਗਰੁੱਪ ਦੇ ਲੋਕ ਸਭਾ ਮੈਂਬਰ ਹੇਮੰਤ ਪਾਟਿਲ ਨੇ ਅਸਤੀਫਾ ਦੇ ਦਿੱਤਾ ਹੈ। ਹਾਲਾਂਕਿ ਅਸਤੀਫਾ ਸਪੀਕਰ ਕੋਲ ਪਹੁੰਚਿਆ ਨਹੀਂ ਹੈ।