ਖਾਨ ਯੂਨਿਸ (ਗਾਜ਼ਾ ਪੱਟੀ) : ਇਜ਼ਰਾਈਲੀ ਫੌਜ, ਉਸ ਦੇ ਟੈਂਕ ਅਤੇ ਬਖਤਰਬੰਦ ਵਾਹਨ ਗਾਜ਼ਾ ਦੇ ਅੰਦਰੂਨੀ ਹਿੱਸੇ ਵਿਚ ਪਹੁੰਚ ਗਏ ਅਤੇ ਹਮਾਸ ਦੇ ਲੜਾਕਿਆਂ ਵੱਲੋਂ ਬੰਦੀ ਬਣਾਈ ਸੈਨਿਕ ਨੂੰ ਰਿਹਾਅ ਕਰਵਾ ਲਿਆ। ਇਸ ਦੇ ਨਾਲ ਹੀ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਜੰਗਬੰਦੀ ਦੇ ਸੱਦੇ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਇਜ਼ਰਾਈਲੀ ਫੌਜ ਨੇ ਹਵਾਈ ਹਮਲਿਆਂ ਰਾਹੀਂ ਹਸਪਤਾਲਾਂ ਦੇ ਆਲੇ-ਦੁਆਲੇ ਦੇ ਖੇਤਰ ਨੂੰ ਵੀ ਨਿਸ਼ਾਨਾ ਬਣਾਇਆ, ਜਿੱਥੇ ਹਜ਼ਾਰਾਂ ਜ਼ਖਮੀ ਫਲਸਤੀਨੀ ਸ਼ਰਨ ਲੈ ਰਹੇ ਹਨ।