ਜ਼ੀਰਕਪੁਰ : ਬਲਟਾਨਾ ’ਚ ਮੁਕਾਬਲੇ ਦੌਰਾਨ ਤਿੰਨ ਗੈਂਗਸਟਰਾਂ ਨੂੰ ਗਿ੍ਰਫਤਾਰ ਕਰ ਲਿਆ ਗਿਆ। ਇਹ ਬਠਿੰਡਾ ’ਚ ਮਾਲ ਰੋਡ ਦੁਕਾਨਦਾਰ ਐਸੋਸੀਏਸ਼ਨ ਦੇ ਪ੍ਰਧਾਨ ਹਰਜਿੰਦਰ ਸਿੰਘ ਜੌਹਲ ਉਰਫ ਮੇਲਾ ਦੀ ਹੱਤਿਆ ਵਿਚ ਨਾਮਜ਼ਦ ਸਨ। ਪੁਲਸ ਨੇ ਇਨ੍ਹਾਂ ਨੂੰ ਬੁੱਧਵਾਰ ਇੱਥੋਂ ਦੇ ਹੋਟਲ ਗਰੈਂਡ ਵਿਸਟਾ ਵਿੱਚੋਂ ਗਿ੍ਰਫਤਾਰ ਕੀਤਾ। ਮੁਲਜ਼ਮਾਂ ਦੀ ਪਛਾਣ ਲਵਜੀਤ ਸਿੰਘ, ਕਮਲਜੀਤ ਸਿੰਘ ਅਤੇ ਪਰਮਜੀਤ ਸਿੰਘ ਵਜੋਂ ਹੋਈ ਹੈ। ਜਦੋਂ ਡੀ ਐੱਸ ਪੀ ਪਵਨ ਕੁਮਾਰ ਦੀ ਅਗਵਾਈ ਵਿਚ ਪੁਲਸ ਪਾਰਟੀ ਨੇ ਹੋਟਲ ’ਚ ਰੇਡ ਕੀਤੀ ਤਾਂ ਲਵਜੀਤ ਨੇ ਗੋਲੀਬਾਰੀ ਕਰ ਦਿੱਤੀ। ਡੀ ਐੱਸ ਪੀ ਦੀ ਲੱਤ ਵਿਚ ਗੋਲੀ ਲੱਗਣ ਕਾਰਨ ਉਹ ਜ਼ਖਮੀ ਹੋ ਗਏ, ਜਦੋਂ ਕਿ ਜਵਾਬੀ ਗੋਲੀਬਾਰੀ ਵਿਚ ਲਵਜੀਤ ਵੀ ਗੋਲੀ ਵੱਜਣ ਕਾਰਨ ਜ਼ਖਮੀ ਹੋ ਗਿਆ। ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਤਿੰਨੇ ਗੈਂਗਸਟਰ ਮਾਨਸਾ ਜ਼ਿਲ੍ਹੇ ਦੇ ਕਸਬੇ ਭੀਖੀ ਨਾਲ ਸੰਬੰਧਤ ਹਨ। 28 ਅਕਤੂਬਰ ’ਚ ਮੇਲਾ ਦੀ ਹੱਤਿਆ ਦੀ ਜ਼ਿੰਮੇਵਾਰੀ ਗੈਂਗਸਟਰ ਅਰਸ਼ ਡੱਲਾ ਨੇ ਲਈ ਸੀ।





