ਪਟਨਾ (ਗਿਆਨ ਸੈਦਪੁਰੀ)
ਭਾਰਤੀ ਖੇਤ ਮਜ਼ਦੂਰ ਯੂਨੀਅਨ ਦੀ 15ਵੀਂ ਕੌਮੀ ਕਾਨਫਰੰਸ ਇੱਥੇ ਦੋ ਨਵੰਬਰ ਤਂੋ ਸ਼ੁਰੂ ਹੋ ਕੇ 5 ਨਵੰਬਰ ਤੱਕ ਚੱਲੇਗੀ। ਇਸ ਚਾਰ ਰੋਜ਼ਾ ਕੌਮੀ ਸੰਮੇਲਨ ਦੀ ਸ਼ੁਰੂਆਤ ਇੱਥੇ ਦੇ ਗਾਂਧੀ ਮੈਦਾਨ ਵਿੱਚ ‘ਭਾਜਪਾ ਹਟਾਓ ਦੇਸ਼ ਬਚਾਓ’ ਦਾ ਹੋਕਾ ਦਿੰਦੀ ਮਹਾਂ ਰੈਲੀ ਨਾਲ ਹੋਵੇਗੀ। ਇਸ ਮਹਾਂ ਰੈਲੀ ਨੂੰ ਭਾਰਤੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਡੀ. ਰਾਜਾ, ਕਾਮਰੇਡ ਅਤੁਲ ਕੁਮਾਰ ਅਨਜਾਨ ਕੌਮੀ ਜਨਰਲ ਸਕੱਤਰ ਕੁੱਲ ਹਿੰਦ ਕਿਸਾਨ ਸਭਾ ਅਤੇ ਸਕੱਤਰ ਭਾਕਪਾ, ਏਟਕ ਦੀ ਜਨਰਲ ਸਕੱਤਰ ਕਾਮਰੇਡ ਅਮਰਜੀਤ ਕੌਰ, ਏਟਕ ਦੇ ਕੌਮੀ ਪ੍ਰਧਾਨ ਕਾਮਰੇਡ ਰਮੇੰਦਰ ਕੁਮਾਰ, ਭਾਕਪਾ ਦੇ ਕੌਮੀ ਸਕੱਤਰ ਕਾਮਰੇਡ ਨਾਗੇਂਦਰ ਨਾਥ ਓਝਾ, ਸਾਬਕਾ ਐੱਮ.ਪੀ ਅਤੇ ਭਾਕਪਾ ਦੇ ਕੌਮੀ ਸਕੱਤਰ ਕਾਮਰੇਡ ਅਜੀਤ ਪਾਸਾ, ਭਾਕਪਾ ਦੇ ਕੌਮੀ ਸਕੱਤਰ ਕਾਮਰੇਡ ਰਾਮ ਕਿ੍ਰਸ਼ਨ ਪਾਂਡਾ, ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਕਾਮਰੇਡ ਗੁਲਜ਼ਾਰ ਸਿੰਘ ਗੋਰੀਆ ਆਦਿ ਸੰਬੋਧਨ ਕਰਨਗੇ।
ਕੌਮੀ ਕਾਨਫਰੰਸ ਵਿੱਚ ਡੈਲੀਗੇਟਾਂ ਵਜੋਂ ਹਿੱਸਾ ਲੈਣ ਲਈ ਵੱਖ-ਵੱਖ ਰਾਜਾਂ ਤੋਂ ਮਜ਼ਦੂਰ ਆਗੂ ਪਟਨਾ ਵਿਖੇ ਪਹੁੰਚ ਚੁੱਕੇ ਹਨ। ਪੰਜਾਬ ਵਿੱਚੋਂ ਪੰਜਾਬ ਖੇਤ ਮਜ਼ਦੂਰ ਸਭਾ ਦੀ ਜਨਰਲ ਸਕੱਤਰ ਕਾਮਰੇਡ ਦੇਵੀ ਕੁਮਾਰੀ ਸਰਹਾਲੀ ਕਲਾਂ ਦੀ ਅਗਵਾਈ ਵਿੱਚ ਲੱਗਭੱਗ 40 ਡੈਲੀਗੇਟ ਪਟਨਾ ਪਹੁੰਚ ਗਏ ਹਨ। ਕਾਮਰੇਡ ਗੁਲਜ਼ਾਰ ਸਿੰਘ ਗੋਰੀਆ ਨੇ ਦੱਸਿਆ ਕਿ ਮਹਾਂ ਰੈਲੀ ਇਤਿਹਾਸਿਕ ਹੋਵੇਗੀ। ਇਸ ਦੀਆਂ ਤਿਆਰੀਆਂ ਪਹਿਲੀ ਨਵੰਬਰ ਨੂੰ ਮੁਕੰਮਲ ਹੋ ਗਈਆਂ ਹਨ।