ਸੁਨਾਮ ਊਧਮ ਸਿੰਘ ਵਾਲਾ : ਸ਼ਹਿਰ ਨੂੰ ਪਟਿਆਲਾ ਨਾਲ ਜੋੜਨ ਵਾਲੀ ਮੁੱਖ ਸੜਕ ਉੱਤੇ ਪਿੰਡ ਮਹਿਲਾਂ ਚੌਕ ਨੇੜੇ ਬੁੱਧਵਾਰ ਰਾਤ ਹਾਦਸੇ ’ਚ ਸੁਨਾਮ ਦੇ ਬੱਚੇ ਸਮੇਤ 6 ਵਿਅਕਤੀਆਂ ਦੀ ਮੌਤ ਹੋ ਗਈ। ਕਾਰ ਸਵਾਰ ਇਹ 6 ਵਿਅਕਤੀ ਮਾਲੇਰਕੋਟਲਾ ਹੈਦਰ ਸ਼ੇਖ ਦਰਗਾਹ ’ਤੇ ਮੱਥਾ ਟੇਕਣ ਬਾਅਦ ਰਾਤ ਨੂੰ ਸੁਨਾਮ ਪਰਤ ਰਹੇ ਸਨ। ਕਾਰ ਪਿੰਡ ਮਹਿਲਾਂ ਚੌਕ ਤੋਂ ਸੁਨਾਮ ਵੱਲ ਵਧੀ ਤਾਂ ਆਹਮੋ-ਸਾਹਮਣੇ ਆ ਰਹੇ ਤੇਲ ਦੇ ਟੈਂਕਰ ਅਤੇ ਸ਼ਿਪਿੰਗ ਕੰਟੇਨਰ ਦੇ ਵਿਚਕਾਰ ਫਸ ਗਈ, ਜਿਸ ਕਾਰਨ 6 ਵਿਅਕਤੀਆਂ ਦੀ ਮੌਕੇ ਉੱਤੇ ਮੌਤ ਹੋ ਗਈ। ਕਾਰ ਵਿੱਚੋਂ ਦੇਹਾਂ ਨੂੰ ਗੈਸ ਕਟਰ ਦੀ ਮਦਦ ਨਾਲ ਬਾਹਰ ਕੱਢਿਆ ਗਿਆ। ਲੋਕਾਂ ਅਨੁਸਾਰ ਹਾਦਸਾ ਰਾਤ ਦੇ ਇੱਕ ਵਜੇ ਦੇ ਆਸਪਾਸ ਵਾਪਰਿਆ। ਤੇਲ ਦਾ ਕੈਂਟਰ ਸੁਨਾਮ ਤੋਂ ਪਟਿਆਲਾ ਜਾ ਰਿਹਾ ਸੀ, ਜਦੋਂ ਕਿ ਸ਼ਿਪਿੰਗ ਕੰਟੇਨਰ ਪਟਿਆਲਾ ਤੋਂ ਸੁਨਾਮ ਆ ਰਿਹਾ ਸੀ। ਹਾਦਸੇ ਦੌਰਾਨ ਸ਼ਿਪਿੰਗ ਕੰਟੇਨਰ ਅਤੇ ਤੇਲ ਦੇ ਟੈਂਕਰ ਦੇ ਡਰਾਈਵਰ ਜ਼ਖਮੀ ਹੋ ਗਏ। ਮਹਿਲਾਂ ਚੌਕ ਤੋਂ 500 ਮੀਟਰ ਦੀ ਦੂਰੀ ਉੱਤੇ ਹੋਏ ਇਸ ਹਾਦਸੇ ’ਚ ਮਾਰੇ ਗਏ ਮਿ੍ਰਤਕਾਂ ਦੀ ਪਛਾਣ ਸੁਨਾਮ ਵਾਸੀ ਦੀਪਕ ਜਿੰਦਲ (30), ਨੀਰਜ ਸਿੰਗਲਾ (37) ਅਤੇ ਉਨ੍ਹਾਂ ਦੇ ਸਾਢੇ ਚਾਰ ਸਾਲ ਦੇ ਪੁੱਤਰ ਮਾਧਵ ਸਿੰਗਲਾ, ਲਲਿਤ ਬਾਂਸਲ (45), ਦਿਵੇਸ਼ ਜਿੰਦਲ (33) ਅਤੇ ਵਿਜੈ ਕੁਮਾਰ (50) ਪੁੱਤਰ ਲਛਮਣ ਦਾਸ ਵਾਸੀ ਧਰਮਗੜ੍ਹ (ਸੁਨਾਮ) ਵਜੋਂ ਹੋਈ ਹੈ।