ਨਵੀਂ ਦਿੱਲੀ : ਤਿ੍ਰਣਮੂਲ ਕਾਂਗਰਸ ਦੀ ਲੋਕ ਸਭਾ ਮੈਂਬਰ ਮਹੂਆ ਮੋਇਤਰਾ ਪੈਸੇ ਲੈ ਕੇ ਸਵਾਲ ਪੁੱਛਣ ਦੇ ਮਾਮਲੇ ਵਿਚ ਵੀਰਵਾਰ ਲੋਕ ਸਭਾ ਦੀ ਨੈਤਿਕਤਾ ਕਮੇਟੀ ਸਾਹਮਣੇ ਪੇਸ਼ ਹੋਈ। ਭਾਜਪਾ ਦੇ ਸਾਂਸਦ ਵਿਨੋਦ ਕੁਮਾਰ ਸੋਨਕਰ ਦੀ ਅਗਵਾਈ ਵਾਲੀ ਕਮੇਟੀ ਨੇ ਮੋਇਤਰਾ ਨੂੰ ਤਲਬ ਕੀਤਾ ਸੀ। ਇਸ ਮਾਮਲੇ ਦੇ ਸੰਬੰਧ ’ਚ ਵਕੀਲ ਜੈਅਨੰਤ ਦੇਹਦਰਾਈ ਅਤੇ ਭਾਜਪਾ ਸਾਂਸਦ ਨਿਸ਼ੀਕਾਂਤ ਦੂਬੇ ਹਾਲ ਹੀ ’ਚ ਕਮੇਟੀ ਸਾਹਮਣੇ ਪੇਸ਼ ਹੋ ਕੇ ਆਪਣੇ ਬਿਆਨ ਦਰਜ ਕਰਵਾ ਚੁੱਕੇ ਹਨ। ਮਹੂਆ ਜਦੋਂ ਪੇਸ਼ ਹੋਣ ਆਈ ਤਾਂ ਉਸ ਨੇ ਤਿੰਨ ਬੈਗ ਚੁੱਕੇ ਹੋਏ ਸਨ। ਮਹੂਆ, ਬਸਪਾ ਦੇ ਦਾਨਿਸ਼ ਅਲੀ ਤੇ ਹੋਰ ਆਪੋਜ਼ੀਸ਼ਨ ਸਾਂਸਦ ਭੜਕਦੇ ਹੋਏ ਤਿੰਨ ਵੱਜ ਕੇ 35 ਮਿੰਟ ’ਤੇ ਕਮੇਟੀ ਦੇ ਦਫਤਰ ਤੋਂ ਬਾਹਰ ਆ ਗਏ। ਜਦੋਂ ਉਨ੍ਹਾਂ ਦੇ ਗੁੱਸੇ ਦਾ ਕਾਰਨ ਪੁੱਛਿਆ ਗਿਆ ਤਾਂ ਦਾਨਿਸ਼ ਅਲੀ ਬੋਲੇਚੇਅਰਮੈਨ ਪੁੱਛ ਰਹੇ ਹਨ ਕਿ ਮਹੂਆ ਰਾਤ ਨੂੰ ਕਿਸ ਨਾਲ ਗੱਲਾਂ ਕਰਦੀ ਹੈ, ਕੀ ਗੱਲਾਂ ਕਰਦੀ ਹੈ। ਇਹ ਕੇਹੀ ਨੈਤਿਕਤਾ ਕਮੇਟੀ ਹੈ, ਜਿਹੜੀ ਅਨੈਤਿਕ ਸਵਾਲ ਪੁੱਛ ਰਹੀ ਹੈ।