15.2 C
Jalandhar
Monday, November 25, 2024
spot_img

ਚੇਤਨਾ ਦੇ ਚਿਰਾਗ਼ਾਂ ਦੀ ਡਾਰ ਬਣ ਗਈ ਨਾਟਕਾਂ ਤੇ ਗੀਤਾਂ ਭਰੀ ਰਾਤ

ਜਲੰਧਰ (ਕੇਸਰ)
ਗ਼ਦਰੀ ਬਾਬਿਆਂ ਦੇ ਮੇਲੇ ਦੇ ਅਖੀਰਲੇ ਦਿਨ ਬੁੱਧਵਾਰ ਨਾਟਕਾਂ ਅਤੇ ਗੀਤਾਂ ਭਰੀ ਰਾਤ ਨੇ ਪੰਜਾਬੀ ਰੰਗਮੰਚ ਦੇ ਉਜਲੇ ਭਵਿੱਖ ਦੀ ਸਤਰੰਗੀ ਪੀਂਘ ਅੰਬਰਾਂ ’ਤੇ ਤਣ ਦਿੱਤੀ। ਇਸ ਨੇ ਦਰਸਾ ਦਿੱਤਾ ਕਿ ਲੋਕਾਂ ਨਾਲ ਜੁੜਿਆ ਰੰਗਮੰਚ ਅਨੇਕਾਂ ਚੁਣੌਤੀਆਂ ਨੂੰ ਫਤਿਹ ਕਰਦਾ ਕਲਮ, ਕਲਾ ਅਤੇ ਲੋਕਾਂ ਦੀ ਗਲਵੱਕੜੀ ਹੋਰ ਮਜ਼ਬੂਤ ਕਰਨ ਵੱਲ ਸਫ਼ਲ ਪੁਲਾਂਘਾਂ ਪੁੱਟੇਗਾ।
ਇਸ ਰਾਤ ਪਹਿਲਾ ਨਿ੍ਰਤ ਨਾਟ ਇਪਟਾ ਛਤੀਸਗੜ੍ਹ ਤੋਂ ਆਈ ਟੀਮ ਨਾਚਾ ਥੀਏਟਰ ਰਾਏਪੁਰ ਛਤੀਸਗੜ੍ਹ ਨੇ ਨਿਸਾਰ ਅਲੀ ਦੀ ਨਿਰਦੇਸ਼ਨਾ ’ਚ ਪੇਸ਼ ਕੀਤਾ। ਉਹਨਾ ਕਾਰਪੋਰੇਟ ਜਗਤ ਅਤੇ ਫ਼ਿਰਕੂ ਦਹਿਸ਼ਤਗਰਦੀ ਉਪਰ ਕਰਾਰੀ ਚੋਟ ਮਾਰੀ। ਉਹਨਾਂ ਲੋਕਾਂ ਨੂੰ ਕਿਰਨਾਂ ਦਾ ਕਾਫ਼ਲਾ ਗਲੀ-ਗਲੀ ਲਿਜਾਣ ਦਾ ਸੱਦਾ ਦਿੱਤਾ।
ਮਰਾਠੀ ਨਾਟਕਕਾਰ ਸੀ ਟੀ ਖਨੋਲਕਰ ਦੀ ਮੂਲ ਰਚਨਾ ਅਤੇ ਸ਼ਬਦੀਸ਼ ਦੁਆਰਾ ਪੰਜਾਬੀ ਰੂਪਾਂਤਰਤ ਨਾਟਕ ‘ਵਕਤ ਤੈਨੂੰ ਸਲਾਮ ਹੈ’ ਅਨੀਤਾ ਸ਼ਬਦੀਸ਼ ਦੀ ਨਿਰਦੇਸ਼ਨਾ ’ਚ ਸੁਚੇਤਕ ਰੰਗਮੰਚ ਮੁਹਾਲੀ ਵੱਲੋਂ ਪੇਸ਼ ਕੀਤਾ ਗਿਆ। ਨਾਟਕ ਨੇ ਦਰਸਾਇਆ ਕਿ ਇਨਕਲਾਬੀ ਕਲਾ-�ਿਤਾਂ ਦਾ ਮਾਰਗ ਪ੍ਰੇਮ ਦੀਆਂ ਗਲੀਆਂ ਵਿਚੀਂ ਹੋ ਕੇ ਜਾਂਦਾ ਹੈ, ਲੋਕ ਮਨਾਂ ’ਤੇ ਹਸਤਾਖ਼ਰ ਕਰ ਗਈ ਪੇਸ਼ਕਾਰੀ।
ਸੰਸਾਰ ਪ੍ਰਸਿੱਧ ਨਾਟਕਕਾਰ ਬਰੈਖ਼ਤ ਦੇ ਨਾਟਕ ‘ਦਾ ਕਾਕੇਸ਼ੀਅਨ ਚਾਕ ਸਰਕਲ’ ਦਾ ਅਮਿਤੋਜ਼ ਵੱਲੋਂ ਪੰਜਾਬੀ ਰੂਪਾਂਤਰਣ ਕੀਤਾ ਰੂਪ ‘ਮਿੱਟੀ ਨਾ ਹੋਏ ਮਤਰੇਈ’ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ’ਚ ਮੰਚ ਰੰਗਮੰਚ ਅੰਮਿ੍ਰਤਸਰ ਨੇ ਪੇਸ਼ ਕੀਤਾ। ਨਾਟਕ ਨੇ ਰਾਜਿਆਂ, ਮਹਾਰਾਜਿਆਂ ਦੀ ਮਾਨਸਿਕਤਾ, ਇਸ ਨਿਜ਼ਾਮ ਅੰਦਰ ਔਰਤ, ਬਾਲਾਂ ਦੀ ਸਥਿਤੀ ਦੀ ਤਸਵੀਰ ਅਤੇ ਮਮਤਾ ਦੀ ਤਸਵੀਰ ਪੇਸ਼ ਕਰਦਿਆਂ ਦਰਸਾਇਆ ਕਿ ਰਿਸ਼ਤੇ ਸ਼ਾਹਾਂ ਦੀਆਂ ਥੈਲੀਆਂ ਨਾਲ ਨਹੀਂ ਖਰੀਦੇ ਜਾ ਸਕਦੇ। ਲੋਕਾਂ ਨੇ ਸਾਹ ਰੋਕ ਕੇ ਲੰਮੇ ਨਾਟਕ ਨੂੰ ਮਾਣਿਆ, ਜੋ ਜ਼ਿੰਦਗੀ ਭਰ ਉਹਨਾਂ ਦੀ ਯਾਦਾਂ ਦੀ ਪਟਾਰੀ ’ਚ ਸੰਭਾਲਿਆ ਰਹੇਗਾ। ਡਾ. ਸਾਹਿਬ ਸਿੰਘ ਦੀ ਕਲਮ ਤੋਂ ਲਿਖਿਆ, ਨਿਰਦੇਸ਼ਤ ਕੀਤਾ ਨਾਟਕ, ‘ਸੰਦੂਕੜੀ ਖੋਲ੍ਹ ਨਰੈਣਿਆ’ ਨੇ ਸਾਡੇ ਸਮਾਜ ਅੰਦਰ ਬਹੁ-ਭਾਂਤੀ ਮਸਲਿਆਂ ਦੀ ਸੰਵੇਦਨਾ ਭਰੀ ਚੀਰਫਾੜ ਕਰਦਿਆਂ ਦਰਸ਼ਕਾਂ ਨੂੰ ਐਨਾ ਹਲੂਣਿਆ ਕੇ ਹਜ਼ਾਰਾਂ ਲੋਕ ਆਪ-ਮੁਹਾਰੇ ਖੜ੍ਹੇ ਹੋ ਕੇ ਨਾਅਰੇ ਗੂੰਜਾਉਂਦੇ ਰਹੇ।
ਵਿੱਕੀ ਮਹੇਸਰੀ ਅਤੇ ਅਵਤਾਰ ਚੜਿੱਕ ਦੀ ਨਿਰਦੇਸ਼ਨਾ ’ਚ ਇਪਟਾ ਮੋਗਾ ਦੀ ਟੀਮ ਨੇ ਪਿਯੂਸ਼ ਮਿਸ਼ਰਾ ਦਾ ਨਾਟਕ, ‘ਗਗਨ ਦਮਾਮਾ ਬਾਜਿਓ’ ਖੇਡਦਿਆਂ ਆਜ਼ਾਦੀ ਸੰਗਰਾਮ ਦੇ ਭੁੱਲੇ-ਵਿਸਰੇ ਸਫ਼ਿਆਂ ਉਪਰ ਝਾਤ ਪੁਆਈ। ਨਾਟਕ ਇਹ ਪ੍ਰਭਾਵ ਸਿਰਜਣ ’ਚ ਸਫ਼ਲ ਰਿਹਾ ਕਿ ਹਿੰਦੂਆਂ, ਸਿੱਖਾਂ ਅਤੇ ਮੁਸਲਮਾਨਾਂ ਦੀਆਂ ਕੁਰਬਾਨੀਆਂ ਦੇ ਸਾਂਝੇ ਇਤਿਹਾਸ ਨੂੰ ਮੇਟਿਆ ਨਹੀਂ ਜਾ ਸਕਦਾ। ਇਪਟਾ ਮੋਗਾ ਦੀ ਹੀ ਭੰਡ ਕਲਾ ਨੂੰ ਪ੍ਰਣਾਈ ਟੀਮ ਦੇ ਕਲਾਕਾਰ ਅਵਤਾਰ ਚੜਿੱਕ ਅਤੇ ਜਸ ਰਿਆਜ਼ ਨੇ ਤਿੱਖੇ ਵਿਅੰਗ ਕੱਸਦਿਆਂ ਹਾਕਮਾਂ ਦੇ ਦਾਅਵਿਆਂ ਅਤੇ ਵਾਅਦਿਆਂ ਦੀ ਫੂਕ ਕੱਢੀ। ਇਨਕਲਾਬੀ ਕਵੀਸ਼ਰੀ ਜਥਾ ਰਸੂਲਪੁਰ, ਦਸਤਕ ਮੰਚ (ਜਿੰਦਾ ਅਤੇ ਸਾਰਾਹ), ਲੋਕ ਸੰਗੀਤ ਮਸਾਣੀ (ਧਰਮਿੰਦਰ ਮਸਾਣੀ), ਹਰਸ਼ ਬਿਲਗਾ, ਨਰਗਿਸ, ਤਿ੍ਰਪਤ, ਸਰਗਮ, ਕੁਲਦੀਪ ਸਿਰਸਾ, ਲਾਡੀ ਜਟਾਣਾ, ਅਜਮੇਰ ਅਕਲੀਆ, ਹਰਮੀਤ ਕੋਟ ਗੁਰੂ ਨੇ ਗੀਤ-ਸੰਗੀਤ ਦੀਆਂ ਪ੍ਰਭਾਵਸ਼ਾਲੀ ਤਰੰਗਾਂ ਛੇੜੀਆਂ। ਨਾਟਕਾਂ ਅਤੇ ਗੀਤਾਂ ਭਰੀ ਰਾਤ ’ਚ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ ਅਤੇ ਪ੍ਰਧਾਨ ਅਜਮੇਰ ਸਿੰਘ ਨੇ ਕਿਹਾ ਕਿ ਗ਼ਦਰੀ ਬਾਬਿਆਂ ਦੇ ਸੁਪਨੇ ਪੂਰੇ ਕਰਨ ਲਈ ਕਮੇਟੀ ਸਾਹਿਤ, ਕਲਾ ਦੇ ਮਾਧਿਅਮਾਂ ਰਾਹੀਂ ਆਪਣਾ ਯੋਗਦਾਨ ਭਾਵੇਂ ਹੋਰ ਵੀ ਵਧੇਰੇ ਪਾਏਗੀ, ਪਰ ਮੇਲੇ ਦੀ ਤਾਕਤ ਅਤੇ ਊਰਜਾ-ਸਰੋਤ ਅਸਲ ’ਚ ਲੋਕ ਹਨ। ਖਚਾਖਚ ਭਰੇ ਪੰਡਾਲ ਨੇ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਰੱਖੇ ਮਤਿਆਂ ਨੂੰ ਹੱਥ ਖੜ੍ਹੇ ਕਰਕੇ ਪਾਸ ਕਰਦੇ ਹੋਏ ਮੰਗ ਕੀਤੀ ਕਿ ਫ਼ਲਸਤੀਨ ਦੇ ਲੋਕਾਂ ਸਿਰ ਮੜ੍ਹੀ ਨਿਹੱਕੀ ਜੰਗ ਤੁਰੰਤ ਰੋਕੀ ਜਾਏ। ਗਿ੍ਰਫ਼ਤਾਰ ਬੁੱਧੀਜੀਵੀਆਂ ਨੂੰ ਰਿਹਾਅ ਕੀਤਾ ਜਾਵੇ। ਇਤਿਹਾਸ, ਸਾਂਝੀ ਵਿਰਾਸਤ, ਸਾਹਿਤ ਅਤੇ ਕਲਾ ਦੇ ਖੇਤਰ ’ਚ ਖੋਟ ਰਲਾਉਣ ਅਤੇ ਮੇਸਣ ਦੇ ਕਦਮ ਬੰਦ ਕੀਤੇ ਜਾਣ। ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਮੰਚ ਸੰਚਾਲਨ ਕੀਤਾ। ਉਨ੍ਹਾ ਇਸ ਮੌਕੇ ਸੱਦਾ ਦਿੱਤਾ ਕਿ ਗ਼ਦਰੀ ਬਾਬਿਆਂ ਦੀ ਵਿਰਾਸਤ ਦੀ ਮਸ਼ਾਲ ਜਗਦੀ ਅਤੇ ਮਘਦੀ ਰੱਖਣ ਲਈ ਅਜੇਹੇ ਨਾਟ ਅਤੇ ਸੰਗੀਤ ਮੇਲੇ ਨਿਰੰਤਰ ਮੁਹਿੰਮ ਦੀ ਤਰ੍ਹਾਂ ਕਰਨ ਦੀ ਲੋੜ ਹੈ।

Related Articles

LEAVE A REPLY

Please enter your comment!
Please enter your name here

Latest Articles