ਚੰਡੀਗੜ੍ਹ (ਗੁਰਜੀਤ ਬਿੱਲਾ)-ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਸਾਰੇ ਭਖਦੇ ਮੁੱਦਿਆਂ ’ਤੇ ਖੁੱਲ੍ਹੀ ਬਹਿਸ ਲਈ ਪਾਰਟੀ ਪ੍ਰਧਾਨਾਂ ਅਤੇ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਸੱਦਾ ਦੇਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਮੁੱਖ ਮੰਤਰੀ ਮਾਨ ਵੱਲੋਂ ਸਾਰੇ ਮੁੱਦਿਆਂ ਨੂੰ ਹੱਲ ਕਰਨ ਲਈ ਕੀਤੀ ਗਈ ਬੇਮਿਸਾਲ ਪਹਿਲਕਦਮੀ ਹੈ। ‘ਆਪ’ ਨੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਵਿਰੋਧੀ ਧਿਰ ਦੇ ਨੇਤਾਵਾਂ ਸੁਖਬੀਰ ਸਿੰਘ ਬਾਦਲ, ਸੁਨੀਲ ਜਾਖੜ, ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪ੍ਰਤਾਪ ਸਿੰਘ ਬਾਜਵਾ ਦੀ ਇਸ ਬਹਿਸ ਨੂੰ ਛੱਡਣ ਅਤੇ ਸੂਬੇ ਦੇ ਲੋਕਾਂ ਪ੍ਰਤੀ ਆਪਣੀ ਜਵਾਬਦੇਹੀ ਤੋਂ ਭੱਜਣ ਲਈ ਆਲੋਚਨਾ ਕੀਤੀ। ਪਾਰਟੀ ਬੁਲਾਰੇ ਬੱਬੀ ਬਾਦਲ, ਗੋਵਿੰਦਰ ਮਿੱਤਲ ਅਤੇ ਰਵਿੰਦਰ ਸਿੰਘ ਦੇ ਨਾਲ ਵੀਰਵਾਰ ਨੂੰ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਪ ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਮੁੱਖ ਮੰਤਰੀ ਨੇ ਸਾਰੇ ਆਗੂਆਂ ਨੂੰ ਐੱਸ ਵਾਈ ਐੱਲ, ਬੀ ਬੀ ਐੱਮ ਬੀ, ਚੰਡੀਗੜ੍ਹ ਵਰਗੇ ਮੁੱਦਿਆਂ ’ਤੇ ਚਰਚਾ ਕਰਨ ਲਈ ਸੱਦਾ ਦਿੱਤਾ ਸੀ। ਪੰਜਾਬ ਦੀ ਮਾਲੀ ਹਾਲਤ ਆਦਿ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਬੁੱਧਵਾਰ ਵਿਰੋਧੀ ਧਿਰ ਦੇ ਨੇਤਾ ਸਮੇਤ ਕੋਈ ਵੀ ਪਾਰਟੀ ਪ੍ਰਧਾਨ ਪੀ ਏ ਯੂ ਨਹੀਂ ਪਹੁੰਚਿਆ। ਕੰਗ ਨੇ ਕਿਹਾ ਕਿ ਬਾਅਦ ਵਿੱਚ ਉਹ ਸਾਰੇ ਆਪਣੇ ਖਾਲੀ ਬਿਆਨ ਦੇਣ ਲਈ ਪ੍ਰੱੈਸ ਕਾਨਫਰੰਸ ਕਰ ਰਹੇ ਸਨ। ਉਨ੍ਹਾ ਕਿਹਾ ਕਿ ਮੁੱਖ ਮੰਤਰੀ ਨੇ ਦਸਤਾਵੇਜ਼ੀ ਸਬੂਤਾਂ ਨਾਲ ਆਪਣੀਆਂ ਦਲੀਲਾਂ ਦਾ ਸਮਰਥਨ ਕੀਤਾ ਅਤੇ ਸੁਖਬੀਰ ਬਾਦਲ, ਸੁਨੀਲ ਜਾਖੜ ਅਤੇ ਹੋਰ ਨੇਤਾਵਾਂ ਕੋਲ ਕੋਈ ਜਵਾਬ ਨਹੀਂ ਸੀ, ਇਸ ਲਈ ਉਹ ਬਹਿਸ ਤੋਂ ਗੈਰਹਾਜ਼ਰ ਰਹੇ। ਕੰਗ ਨੇ ਕਿਹਾ ਕਿ ਵਿਰੋਧੀ ਧਿਰ ਦੇ ਆਗੂ ਪੰਜਾਬ ਦੇ ਲੋਕਾਂ ਨੂੰ ਜ਼ਮੀਨ ਐਕਵਾਇਰ ਨੋਟੀਫਿਕੇਸ਼ਨ, ਭਾਖੜਾ ਮੇਨ ਲਾਈਨ ਦੀ ਸਫਾਈ, ਹਰਿਆਣਾ ਤੋਂ ਲਏ ਚੈੱਕ, ਕਪੂਰੀ ਵਿੱਚ ਐੱਸ ਵਾਈ ਅੱੈਲ ਨਹਿਰ ਦਾ ਉਦਘਾਟਨ, ਵ੍ਹਾਈਟ ਪੇਪਰ ਅਤੇ ਉਨ੍ਹਾਂ ਦੀ ਸਰਕਾਰ 2002 ਵਿੱਚ ਸੁਪਰੀਮ ਕੋਰਟ ਵਿੱਚ ਕੇਸ ਕਿਉਂ ਹਾਰੀ, ਬਾਰੇ ਜਵਾਬ ਦੇਣ। ਉਨ੍ਹਾ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਮਾਨ ਸਰਕਾਰ ’ਤੇ ਬੇਬੁਨਿਆਦ ਦੋਸ਼ ਲਗਾ ਰਿਹਾ ਹੈ ਕਿ ਅਸੀਂ ਸੁਪਰੀਮ ਕੋਰਟ ਵਿਚ ਸਮਝੌਤਾ ਕੀਤਾ ਹੈ, ਇਸ ਲਈ ਕੰਗ ਨੇ ਉਸ ਨੂੰ ਆਪਣੇ ਦੋਸ਼ਾਂ ਦੇ ਸਮਰਥਨ ਲਈ ਦਸਤਾਵੇਜ਼ ਪੇਸ ਕਰਨ ਦੀ ਚੁਣੌਤੀ ਦਿੰਦੇ ਹੋਏ ਕਿਹਾ ਕਿ ਅਜਿਹਾ ਕੋਈ ਨਹੀਂ। ਉਨ੍ਹਾ ਕਿਹਾ ਕਿ ਉਹ ਸਾਰੇ ਝੂਠੇ ਹਨ ਅਤੇ ਉਨ੍ਹਾਂ ਕੋਲ ਹੁਣ ਕੋਈ ਜਵਾਬ ਨਹੀਂ। ਉਹਨਾ ਸੁਨੀਲ ਜਾਖੜ ਨੂੰ ਯਾਦ ਦਿਵਾਇਆ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਹੋਣ ਦੇ ਨਾਤੇ ਉਹ ਕਹਿੰਦੇ ਸਨ ਕਿ ਕੇਂਦਰ ਸਰਕਾਰ ਬੁਲਾ ਕੇ ਐੱਸ ਵਾਈ ਐੱਲ ਦਾ ਮਸਲਾ ਇਕ ਮਿੰਟ ਵਿੱਚ ਹੱਲ ਕਰੋ, ਪਰ ਹੁਣ ਉਹ ਭਾਜਪਾ ਵਿੱਚ ਹਨ, ਕੇਂਦਰ ਦੇ ਨਾਲ-ਨਾਲ ਹਰਿਆਣਾ ਵਿੱਚ ਵੀ ਭਾਜਪਾ ਦੀ ਸਰਕਾਰ ਹੈ, ਇਸ ਲਈ ਹੁਣ ਸੁਨੀਲ ਜਾਖੜ ਨੂੰ ਪੁੱਛਣਾ ਚਾਹੀਦਾ ਹੈ। ਮੋਦੀ ਪੰਜਾਬ ਦੀ ਭਲਾਈ ਲਈ ਇਸ ਮੁੱਦੇ ਨੂੰ ਹੱਲ ਕਰਨ।