ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਬਕਾਰੀ ਨੀਤੀ ਮਨੀ ਲਾਂਡਰਿੰਗ ਮਾਮਲੇ ’ਚ ਵੀਰਵਾਰ ਈ ਡੀ ਸਾਹਮਣੇ ਪੇਸ਼ ਨਹੀਂ ਹੋਏ। ਉਨ੍ਹਾ ਜਾਂਚ ਏਜੰਸੀ ਨੂੰ ਪੱਤਰ ਲਿਖ ਕੇ ਪੁੱਛ-ਪੜਤਾਲ ਲਈ ਭੇਜੇ ਨੋਟਿਸ ਨੂੰ ਵਾਪਸ ਲੈਣ ਦੀ ਮੰਗ ਕੀਤੀ ਅਤੇ ਦਾਅਵਾ ਕੀਤਾ ਕਿ ਨੋਟਿਸ ‘ਗੈਰ-ਕਾਨੂੰਨੀ ਅਤੇ ਰਾਜਨੀਤੀ ਤੋਂ ਪ੍ਰੇਰਤ’ ਹੈ। ਸੂਤਰਾਂ ਮੁਤਾਬਕ ਈ ਡੀ ਵੱਲੋਂ ਹੁਣ ਉਨ੍ਹਾ ਨੂੰ ਨਵੇਂ ਸਿਰੇ ਤੋਂ ਸੰਮਨ ਜਾਰੀ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਸੂਤਰਾਂ ਨੇ ਦੱਸਿਆ ਸੀ ਕਿ ਕੇਜਰੀਵਾਲ ਮੱਧ ਪ੍ਰਦੇਸ਼ ਦੇ ਸਿੰਗਰੌਲੀ ਦਾ ਦੌਰਾ ਕਰਨਗੇ, ਜਿੱਥੇ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਰੋਡ ਸ਼ੋਅ ’ਚ ਹਿੱਸਾ ਲੈਣਗੇ।
ਆਮ ਆਦਮੀ ਪਾਰਟੀ ਨੇ ਦੋਸ਼ ਲਗਾਇਆ ਹੈ ਕਿ ਈ ਡੀ ਦੀ ਛਾਪੇਮਾਰੀ ਭਾਜਪਾ ਵੱਲੋਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਵਿਰੋਧੀ ਨੇਤਾਵਾਂ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਹੈ। ਸੂਤਰਾਂ ਨੇ ਦੱਸਿਆ ਕਿ ਈ ਡੀ ਨੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਹਿੱਸੇ ਵਜੋਂ ਵੀਰਾਵਾਰ ਦਿੱਲੀ ਦੇ ਕੈਬਨਿਟ ਮੰਤਰੀ ਰਾਜ ਕੁਮਾਰ ਆਨੰਦ ਦੇ ਘਰ ਅਤੇ ਕੁਝ ਹੋਰ ਥਾਵਾਂ ’ਤੇ ਛਾਪੇਮਾਰੀ ਕੀਤੀ।
ਈ ਡੀ ਨੇ ਰਾਜਸਥਾਨ ਕਾਂਗਰਸ ਦੇ ਪ੍ਰਧਾਨ ਗੋਵਿੰਦ ਸਿੰਘ ਡੋਟਾਸਰਾ ਦੇ ਬੇਟਿਆਂ ਨੂੰ ਸਕੂਲ ਟੀਚਰ ਭਰਤੀ ਦੇ ਪੇਪਰ ਲੀਕ ਹੋਣ ਦੇ ਸੰਬੰਧ ’ਚ ਮਨੀ ਲਾਂਡਰਿੰਗ ਦੇ ਦੋਸ਼ ਵਿਚ ਉਸ ਅੱਗੇ ਪੇਸ਼ ਹੋਣ ਲਈ ਕਿਹਾ ਹੈ। ਅਭਿਲਾਸ਼ ਡੋਟਾਸਰਾ ਨੂੰ 7 ਨਵੰਬਰ ਤੇ ਅਵਿਨਾਸ਼ ਡੋਟਾਸਰਾ ਨੂੰ 8 ਨਵੰਬਰ ਨੂੰ ਸੱਦਿਆ ਹੈ। ਈ ਡੀ ਨੇ ਵਿਦੇਸ਼ੀ ਮੁਦਰਾ ਨਿਯਮਾਂ ਦੀ ਕਥਿਤ ਉਲੰਘਣਾ ਦੇ ਸੰਬੰਧ ’ਚ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਬੇਟੇ ਵੈਭਵ ਤੋਂ ਪਿਛਲੇ ਦਿਨੀਂ 9 ਘੰਟੇ ਪੁੱਛਗਿੱਛ ਕੀਤੀ ਸੀ। ਈ ਡੀ ਪੇਪਕ ਲੀਕ ਮਾਮਲੇ ਵਿਚ ਰਾਜਸਥਾਨ ’ਚ ਸਾਲ ਭਰ ਤੋਂ ਕਾਂਗਰਸੀ ਆਗੂਆਂ ’ਤੇ ਛਾਪੇ ਮਾਰ ਰਹੀ ਹੈ।
ਤਿਲੰਗਾਨਾ ਵਿਚ ਕਾਂਗਰਸ ਕਈ ਸਾਲਾਂ ਤੋਂ ਸੱਤਾ ਤੋਂ ਬਾਹਰ ਹੈ। ਉਥੇ ਵੀ ਵੀਰਵਾਰ ਹੈਦਰਾਬਾਦ ’ਚ ਮਹੇਸ਼ਵਰਮ ਅਸੰਬਲੀ ਹਲਕੇ ਤੋਂ ਕਾਂਗਰਸ ਉਮੀਦਵਾਰ ਕਿਚਨਗਰੀ ਲਕਸ਼ਮੀ ਰੈਡੀ ਤੇ ਬਡੰਗਪੇਟ ਦੇ ਮੇਅਰ ਚਿਗੀਰਿੰਥਾ ਦੇ ਘਰਾਂ ਤੇ ਦਫਤਰਾਂ ’ਤੇ ਇਨਕਮ ਟੈਕਸ ਅਧਿਕਾਰੀਆਂ ਨੇ ਛਾਪੇ ਮਾਰੇ। ਕਾਂਗਰਸੀਆਂ ਨੇ ਲਕਸ਼ਮੀ ਰੈਡੀ ਦੇ ਫਾਰਮ ਹਾਊਸ ਦੇ ਬਾਹਰ ਪ੍ਰਦਰਸ਼ਨ ਵੀ ਕੀਤਾ।




