ਨਵੀਂ ਦਿੱਲੀ : ਕਾਂਗਰਸ ਨੇ ਛੱਤੀਸਗੜ੍ਹ ਵਿਧਾਨ ਸਭਾ ਚੋਣਾਂ ਲਈ ਮਨੋਰਥ ਪੱਤਰ ਜਾਰੀ ਕਰ ਦਿੱਤਾ ਹੈ। ਇਸ ’ਚ ਜਨਤਾ ਨਾਲ ਕਈ ਵਾਅਦੇ ਕੀਤੇ ਗਏ ਹਨ। ਇਸ ਵਾਰ ਸੂਬੇ ਦੀ ਜਨਤਾ ਲਈ ਕਾਂਗਰਸ ਜੋ ਵਾਅਦੇ ਲੈ ਕੇ ਆਈ ਹੈ, ਉਨ੍ਹਾਂ ’ਚ ਫਰੀ ਬਿਜਲੀ, ਫਸਲ ਖਰੀਦ ਨੂੰ ਲੈ ਕੇ ਵੱਡਾ ਫੈਸਲਾ ਅਤੇ ਤੇਂਦੂਪੱਤਾ ਕਾਰੋਬਾਰੀਆਂ ਲਈ ਵੀ ਵੱਡੇ ਵਾਅਦੇ ਸ਼ਾਮਲ ਹਨ। ਕਾਂਗਰਸ ਨੇ ਕਿਹਾ ਕਿ ਪਹਿਲਾਂ ਦੀ ਤਰ੍ਹਾਂ ਇਸ ਵਾਰ ਵੀ ਛੱਤੀਸਗੜ੍ਹ ’ਚ ਸਰਕਾਰ ਬਣਦੇ ਹੀ ਕਿਸਾਨਾਂ ਦਾ ਕਰਜ਼ ਮੁਆਫ਼ ਕੀਤਾ ਜਾਵੇਗਾ। ਕਾਂਗਰਸ ਨੇ ਆਪਣੇ ਪਹਿਲੇ ਰਿਕਾਰਡ ਦੱਸਦੇ ਹੋਏ ਕਿਹਾ ਕਿ ਉਸ ਨੇ ਸਾਲ 2018 ’ਚ ਸਰਕਾਰ ਬਣਾਉਣ ਦੇ ਬਾਅਦ ਕਿਸਾਨਾਂ ਦਾ 9272 ਕਰੋੜ ਰੁਪਏ ਦਾ ਕਰਜ਼ ਮੁਆਫ਼ ਕੀਤਾ ਸੀ। ਇਸ ਵਾਰ ਵੀ ਸਰਕਾਰ ਬਣਨ ਤੋਂ ਬਾਅਦ ਇਸ ਤਰ੍ਹਾਂ ਹੀ ਕੀਤਾ ਜਾਵੇਗਾ। ਕਾਂਗਰਸ ਨੇ ਕਿਹਾ ਕਿ ਸੂਬੇ ’ਚ ਸਰਕਾਰ ਬਣਨ ’ਤੇ ਜਾਤੀਗਤ ਸਰਵੇ ਕਰਾਇਆ ਜਾਵੇਗਾ, ਤਾਂ ਕਿ ਸਮਾਜਕ ਨਿਆ ਨਿਸਚਿਤ ਹੋ ਸਕੇ। ਕਾਂਗਰਸ ਨੇ ਛੱਤੀਸਗੜ੍ਹ ’ਚ ਕਿਸਾਨਾਂ ਦੀ ਕਰਜ਼ ਮੁਆਫ਼ੀ, 200 ਯੂਨਿਟ ਤੱਕ ਮੁਫ਼ਤ ਬਿਜਲੀ ਅਤੇ ਔਰਤਾਂ ਨੂੰ ਐੱਲ ਪੀ ਜੀ ਸਿਲੰਡਰ ’ਤੇ 500 ਰੁਪਏ ਦੀ ਸਬਸਿਡੀ ਦੇਣ ਦਾ ਵਾਅਦਾ ਕੀਤਾ ਹੈ। ਮੁੱਖ ਮੰਤਰੀ ਭੂਪੇਸ਼ ਬਘੇਲ ਨੇ ਕਿਹਾਸਾਲ 2018 ਦੇ ਵਾਅਦੇ ਸੋਚ-ਸਮਝ ਕੇ 5 ਸਾਲ ’ਚ 36 ਵਾਅਦੇ ਕੀਤੇ ਸਨ। ਇਨ੍ਹਾਂ ’ਚੋਂ 98 ਫੀਸਦੀ ਵਾਅਦੇ ਪੂਰੇ ਕੀਤੇ ਗਏ ਹਨ। ਹਾਲਾਂਕਿ ਭਾਜਪਾ ਨੇ 3 ਵਾਰ ਫਰੰਟ ਪੇਜ ਦੇ 31 ’ਚੋਂ 25 ਵਾਅਦੇ ਪੂਰੇ ਨਹੀਂ ਕੀਤੇ। ਪਿਛਲੀ ਵਾਰ ਅਸੀਂ ਇੱਕ ਘੰਟੇ ’ਚ ਕਿਸਾਨਾਂ ਦਾ ਕਰਜ਼ ਮੁਆਫ਼ ਕਰ ਦਿੱਤਾ ਸੀ। 20 ਲੱਖ ਕਿਸਾਨਾਂ ਦੇ 10 ਹਜ਼ਾਰ ਕਰੋੜ ਰੁਪਏ ਮੁਆਫ਼ ਕੀਤੇ ਸਨ।