ਲੰਡਨ : ਕਾਫੀ ਜੱਦੋ-ਜਹਿਦ ਦੇ ਬਾਅਦ ਬੋਰਿਸ ਜੌਹਨਸਨ ਵੀਰਵਾਰ ਬਰਤਾਨੀਆ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਲਈ ਮਜਬੂਰ ਹੋ ਗਏ | ਇਸ ਤੋਂ ਪਹਿਲਾਂ 50 ਤੋਂ ਵੱਧ ਮੰਤਰੀਆਂ ਨੇ ਉਨ੍ਹਾ ਦਾ ਸਾਥ ਛੱਡ ਦਿੱਤਾ ਸੀ | ਅੱਠ ਮੰਤਰੀਆਂ ਤੇ ਵਿਦੇਸ਼ ਵਿਭਾਗ ਦੇ ਦੋ ਮੰਤਰੀਆਂ ਨੇ ਤਾਂ ਦੋ ਕੁ ਘੰਟਿਆਂ ਵਿਚ ਅਸਤੀਫੇ ਦੇ ਦਿੱਤੇ ਸਨ | ਏਨੇ ਮੰਤਰੀਆਂ ਦੇ ਅਸਤੀਫਿਆਂ ਤੋਂ ਬਾਅਦ ਜੌਹਨਸਨ ਦੀ ਹਾਲਤ ਪਤਲੀ ਹੋ ਗਈ ਸੀ | ਕੌਮ ਨੂੰ ਸੰਬੋਧਨ ਕਰਦਿਆਂ ਜੌਹਨਸਨ ਨੇ ਕਿਹਾ—ਦੁਨੀਆ ਦਾ ਬੇਹਤਰੀਨ ਅਹੁਦਾ ਛੱਡਦਿਆਂ ਮੈਂ ਉਦਾਸ ਹਾਂ | 58 ਸਾਲਾ ਜੌਹਨਸਨ ਅਕਤੂਬਰ ਤੱਕ ਐਕਟਿੰਗ ਪ੍ਰਧਾਨ ਮੰਤਰੀ ਬਣੇ ਰਹਿਣਗੇ, ਜਦੋਂ ਹੁਕਮਰਾਨ ਕੰਜ਼ਰਵੇਟਿਵ ਪਾਰਟੀ ਨਵਾਂ ਆਗੂ ਚੁਣੇਗੀ |
ਜੌਹਨਸਨ ਦੇ ਅਸਤੀਫਾ ਦੇਣ ਦਾ ਸਭ ਤੋਂ ਵੱਡਾ ਕਾਰਨ 30 ਜੂਨ ਨੂੰ ਕ੍ਰਿਸ ਪਿੰਚਰ ਨੂੰ ਡਿਪਟੀ ਚੀਫ ਵਿੱ੍ਹਪ ਨਿਯੁਕਤ ਕਰਨਾ ਰਿਹਾ, ਜੋ ਕਿ ਸੈਕਸ ਸਕੈਂਡਲ ਵਿਚ ਫਸੇ ਸਨ | ਇਸ ਤੋਂ ਬਾਅਦ ਹੀ ਮੰਤਰੀਆਂ ਦੇ ਅਸਤੀਫਿਆਂ ਦੀ ਝੜੀ ਲੱਗੀ | ਨਿਯਮਾਂ ਮੁਤਾਬਕ 12 ਮਹੀਨਿਆਂ ਤਕ ਜੌਹਨਸਨ ਖਿਲਾਫ ਦੂਜਾ ਬੇਵਿਸਾਹੀ ਮਤਾ ਨਹੀਂ ਲਿਆਂਦਾ ਜਾ ਸਕਦਾ, ਕਿਉਂਕਿ ਪਿਛਲੇ ਮਹੀਨੇ ਹੀ ਉਨ੍ਹਾ ਭਰੋਸੇ ਦਾ ਵੋਟ ਜਿੱਤਿਆ ਸੀ | ਪਾਰਟੀ ਦੇ ਕੁਝ ਸਾਂਸਦ ਮੰਗ ਕਰਨ ਲੱਗੇ ਕਿ 12 ਮਹੀਨੇ ਇਸ ਸਮੇਂ ਨੂੰ ਖਤਮ ਜਾਂ ਘੱਟ ਕੀਤਾ ਜਾਵੇ | ਜੌਹਨਸਨ ਸੰਸਦ ਭੰਗ ਕਰਕੇ ਚੋਣਾਂ ਦੀ ਸਿਫਾਰਸ਼ ਕਰ ਸਕਦੇ ਸਨ, ਪਰ ਪਾਰਟੀ ਇਸ ਵੇਲੇ ਲੋਕਾਂ ਵਿਚ ਜਾਣ ਲਈ ਤਿਆਰ ਨਹੀਂ ਸੀ | ਆਪੋਜ਼ੀਸ਼ਨ ਲੇਬਰ ਪਾਰਟੀ ਦੇ ਆਗੂ ਕੀਰ ਸਟਾਰਰ ਨੇ ਕਿਹਾ ਕਿ ਜੌਹਨਸਨ ਨੂੰ ਕੁਰਸੀ ਪਹਿਲਾਂ ਹੀ ਛੱਡ ਦੇਣੀ ਚਾਹੀਦੀ ਸੀ | ਕੰਜ਼ਰਵੇਟਿਵ ਪਾਰਟੀ ਨੇ 12 ਸਾਲਾਂ ਵਿਚ ਦੇਸ਼ ਦਾ ਬਹੁਤ ਨੁਕਸਾਨ ਕੀਤਾ ਹੈ |
ਨਵੇਂ ਪ੍ਰਧਾਨ ਮੰਤਰੀ ਲਈ ਵਿੱਤ ਮੰਤਰੀ ਨਦੀਮ ਜਾਹਵੀ ਤੇ ਸਾਬਕਾ ਵਿਦੇਸ਼ ਮੰਤਰੀ ਜੈਰੇਮੀ ਹੰਟ ਦੌੜ ਵਿਚ ਦੱਸੇ ਜਾਂਦੇ ਹਨ | ਸਾਬਕਾ ਰੱਖਿਆ ਮੰਤਰੀ ਪੈਨੀ ਮਾਰਡੌਟ ਵੀ ਦਾਅਵੇਦਾਰੀ ਜਤਾ ਸਕਦੀ ਹੈ | ਪੈਨੀ ਜੌਹਨਸਨ ਖਿਲਾਫ ਕਾਫੀ ਸਰਗਰਮ ਰਹੀ ਹੈ |
ਕੋਰੋਨਾ ਮਹਾਂਮਾਰੀ ਦੌਰਾਨ ਲਾਕਡਾਊਨ ਵੇਲੇ ਸ਼ਰਾਬ ਪਾਰਟੀ ਦੀਆਂ ਤਸਵੀਰਾਂ ਸਾਹਮਣੇ ਆਉਣ ਤੇ ਪਿ੍ੰਸ ਫਿਲਿਪ ਦੇ ਅੰਤਮ ਸੰਸਕਾਰ ਤੋਂ ਪਹਿਲਾਂ ਵੀ ਪਾਰਟੀ ਕਰਨ ਨਾਲ ਜੌਹਨਸਨ ਦੀ ਕਾਫੀ ਫਜ਼ੀਹਤ ਹੋਈ ਸੀ | ਪਿ੍ੰਸ ਦੇ ਮਾਮਲੇ ਵਿਚ ਤਾਂ ਮੁਆਫੀ ਵੀ ਮੰਗਣੀ ਪਈ ਸੀ | ਬੁੱਧਵਾਰ ਇਕ ਸਰਵੇ ਵਿਚ 54 ਫੀਸਦੀ ਪਾਰਟੀ ਹਮਾਇਤੀਆਂ ਨੇ ਕਿਹਾ ਸੀ ਕਿ ਜੌਹਨਸਨ ਅਸਤੀਫਾ ਦੇਣ | ਜੂਨ ਵਿਚ 34 ਫੀਸਦੀ ਨੇ ਅਸਤੀਫਾ ਮੰਗਿਆ ਸੀ |





