22.2 C
Jalandhar
Friday, April 19, 2024
spot_img

ਚੋਰ ਤੇ ਕੁੱਤੀ ਘਿਓ-ਖਿੱਚੜੀ

ਸਾਡੀ ਨਿਆਂਪਾਲਿਕਾ ਤੇ ਪ੍ਰਸ਼ਾਸ਼ਨ ਕਿੰਨਾ ਨਿਰਪੱਖ ਤੇ ਸੁਤੰਤਰ ਹੈ, ਇਸ ਦੀ ਜਿਉਂਦੀ-ਜਾਗਦੀ ਮਿਸਾਲ ਜੀ ਨਿਊਜ਼ ਦੇ ਐਂਕਰ ਰੋਹਿਤ ਰੰਜਨ ਦੇ ਕੇਸ ਤੋਂ ਮਿਲਦੀ ਹੈ | ਬੁੱਧਵਾਰ ਨੂੰ ਇਸ ਸੰਬੰਧੀ ਸੁਪਰੀਮ ਕੋਰਟ ਵਿੱਚ ਅਜੀਬ ਸਥਿਤੀ ਬਣ ਗਈ ਸੀ | ਜਸਟਿਸ ਇੰਦਰਾ ਬੈਨਰਜੀ ਅਤੇ ਜਸਟਿਸ ਜੇ ਕੇ ਮਹੇਸ਼ਵਰੀ ਦੀ ਬੈਂਚ ਇੱਕ ਕੇਸ ਦੀ ਸੁਣਵਾਈ ਕਰ ਰਿਹਾ ਸੀ | ਇਸੇ ਦੌਰਾਨ ਵਕੀਲ ਨੇ ਬੈਂਚ ਨੂੰ ਜ਼ੁਬਾਨੀ ਕਹਿ ਦਿੱਤਾ ਕਿ ਜੀ ਨਿਊਜ਼ ਦੇ ਐਂਕਰ ਰੋਹਿਤ ਰੰਜਨ ਵਿਰੁੱਧ ਕਈ ਥਾਵਾਂ ‘ਤੇ ਐੱਫ਼ ਆਈ ਆਰ ਦਰਜ ਹੋਈਆਂ ਹਨ, ਇਨ੍ਹਾਂ ਨੂੰ ਇੱਕ ਥਾਂ ਕੀਤਾ ਜਾਣਾ ਚਾਹੀਦਾ ਹੈ | ਇਸ ਉੱਤੇ ਬੈਂਚ ਨੇ ਕਿਹਾ ਕਿ ਠੀਕ ਹੈ ਕੱਲ੍ਹ 7 ਜੁਲਾਈ ਨੂੰ ਸੁਣਵਾਈ ਹੋਵੇਗੀ | ਇਹ ਸੁਣ ਕੇ ਰੋਹਿਤ ਦੇ ਵਕੀਲ ਨੇ ਕਿਹਾ ਕਿ ਅਸੀਂ ਤਾਂ ਹਾਲੇ ਕੇਸ ਵੀ ਫਾਈਲ ਨਹੀਂ ਕੀਤਾ | ਇਸ ‘ਤੇ ਬੈਂਚ ਨੇ ਵਕੀਲ ਨੂੰ ਝਾੜਦਿਆਂ ਕਿਹਾ ਕਿ ਅਸੀਂ ਆਦੇਸ਼ ਵੀ ਜਾਰੀ ਕਰ ਦਿੱਤਾ ਤੇ ਤੁਸੀਂ ਹਾਲੇ ਕੇਸ ਵੀ ਫਾਈਲ ਨਹੀਂ ਕੀਤਾ | ਇਸ ਘਟਨਾਕ੍ਰਮ ਬਾਰੇ ਕਿਸ ਨੂੰ ਕੀ ਕਿਹਾ ਜਾਵੇ, ਸਮਝੋਂ ਬਾਹਰ ਹੈ |
ਹੁਣ ਪੁਲਸ ਪ੍ਰਸ਼ਾਸਨ ਦੀ ਗੱਲ ਲਓ | ਛੱਤੀਸਗੜ੍ਹ ਦੇ ਜ਼ਿਲ੍ਹਾ ਰਾਏਪੁਰ ਦੇ ਸਿਵਲ ਲਾਈਨ ਥਾਣੇ ਵਿੱਚ ਜੀ ਗਰੁੱਪ ਦੇ ਚੇਅਰਮੈਨ, ਮੁੱਖ ਕਾਰਜਕਾਰੀ ਅਧਿਕਾਰੀ ਤੇ ਪ੍ਰੋਗਰਾਮ ਪੇਸ਼ ਕਰਨ ਵਾਲੇ ਐਂਕਰ ਰੋਹਿਤ ਰੰਜਨ ਵਿਰੁੱਧ 3 ਜੁਲਾਈ ਨੂੰ ਐੱਫ਼ ਆਈ ਆਰ ਦਰਜ ਹੋਈ ਸੀ | ਰਾਏਪੁਰ ਪੁਲਸ ਨੇ ਧੋਖਾਦੇਹੀ, ਗਾਲੀ-ਗਲੋਚ, ਸਾਜ਼ਿਸ਼ ਰਚਣ ਤੇ ਧਮਕੀ ਦੇਣ ਦੀਆਂ ਧਾਰਾਵਾਂ ਅਧੀਨ ਕੇਸ ਦਰਜ ਕੀਤਾ ਸੀ | ਇਹ ਮਾਮਲਾ ਵਾਇਨਾਡ ਵਿੱਚ ਕਾਂਗਰਸ ਦਫ਼ਤਰ ‘ਤੇ ਹਮਲੇ ਦੇ ਮਾਮਲੇ ਵਿੱਚ ਰਾਹੁਲ ਗਾਂਧੀ ਦੇ ਬਿਆਨ ਨੂੰ ਉਦੈਪੁਰ ਦੀ ਘਟਨਾ ਨਾਲ ਜੋੜਨ ਨਾਲ ਸੰਬੰਧਤ ਸੀ |
4 ਜੁਲਾਈ ਨੂੰ ਰਾਏਪੁਰ ਦੀ ਅਦਾਲਤ ਨੇ ਰੋਹਿਤ ਰੰਜਨ ਦਾ ਗਿ੍ਫ਼ਤਾਰੀ ਵਰੰਟ ਜਾਰੀ ਕਰ ਦਿੱਤਾ | ਇਸ ਵਰੰਟ ਨੂੰ ਲੈ ਕੇ ਰਾਏਪੁਰ ਪੁਲਸ ਦੀ 15 ਮੈਂਬਰੀ ਟੀਮ ਰੋਹਿਤ ਰੰਜਨ ਨੂੰ ਗਿ੍ਫ਼ਤਾਰ ਕਰਨ ਲਈ ਉਸ ਦੇ ਘਰ ਗਾਜ਼ੀਆਬਾਦ ਪਹੁੰਚੀ | ਜਿਵੇਂ ਹੀ ਪੁਲਸ ਉਸ ਦੇ ਘਰ ਮੁੱਖ ਗੇਟ ‘ਤੇ ਪੁੱਜੀ ਤਾਂ ਰੋਹਿਤ ਰੰਜਨ ਨੇ ਇੱਕ ਟਵੀਟ ਕੀਤਾ, ‘ਬਿਨਾਂ ਸਥਾਨਕ ਪੁਲਸ ਦੀ ਜਾਣਕਾਰੀ ਦੇ ਛੱਤੀਸਗੜ੍ਹ ਪੁਲਸ ਮੈਨੂੰ ਗਿ੍ਫ਼ਤਾਰ ਕਰਨ ਆਈ ਹੈ | ਕੀ ਇਹ ਕਾਨੂੰਨਨ ਸਹੀ ਹੈ |’
ਇਸ ‘ਤੇ ਦਿੱਲੀ ਦੇ ਭਾਜਪਾ ਨੇਤਾ ਤਜਿੰਦਰ ਬੱਗਾ ਨੇ ਐਂਕਰ ਦੀ ਹਮਾਇਤ ਵਿੱਚ ਯੂ ਪੀ ਦੇ ਵਿਧਾਇਕ ਸਲਭਮਣੀ ਤਿ੍ਪਾਠੀ ਤੋਂ ਮਦਦ ਮੰਗੀ | ਇਸ ਤੋਂ 15-20 ਮਿੰਟ ਬਾਅਦ ਗਾਜ਼ੀਆਬਾਦ ਦੇ ਇੰਦਰਾਪੁਰਮ ਥਾਣੇ ਦੀ ਪੁਲਸ ਰੋਹਿਤ ਰੰਜਨ ਦੇ ਘਰ ਪੁੱਜ ਗਈ | ਦੋਵਾਂ ਰਾਜਾਂ ਦੀ ਪੁਲਸ ਬਹਿਸਬਾਜ਼ੀ ਕਰਦੀ ਰਹੀ | ਇਸੇ ਦੌਰਾਨ ਅਚਾਨਕ ਨੋਇਡਾ ਸੈਕਟਰ-20 ਦੇ ਥਾਣੇ ਦੀ ਪੁਲਸ ਦੀ ਐਂਟਰੀ ਹੋ ਜਾਂਦੀ ਹੈ | ਨੋਇਡਾ ਪੁਲਸ ਨੇ ਕਿਹਾ ਕਿ ਰੋਹਿਤ ਰੰਜਨ ਵਿਰੁੱਧ ਸਾਡੇ ਥਾਣੇ ਵਿੱਚ ਵੀ ਇੱਕ ਕੇਸ ਦਰਜ ਹੈ, ਇਸ ਲਈ ਇਸ ਨੂੰ ਅਸੀਂ ਗਿ੍ਫ਼ਤਾਰ ਕਰਾਂਗੇ | ਤਿੰਨਾਂ ਥਾਣਿਆਂ ਦੀ ਪੁਲਸ ਵਿੱਚ ਇਹ ਸਹਿਮਤੀ ਬਣੀ ਕਿ ਰੋਹਿਤ ਰੰਜਨ ਨੂੰ ਉਸ ਦੇ ਘਰ ਤੋਂ ਪਹਿਲਾਂ ਗਾਜ਼ੀਆਬਾਦ ਦੇ ਇੰਦਰਾਪੁਰਮ ਥਾਣੇ ਲਿਜਾਇਆ ਜਾਵੇਗਾ | ਰੋਹਿਤ ਨੂੰ ਇੱਕ ਪ੍ਰਾਈਵੇਟ ਕਾਰ ਵਿੱਚ ਬਿਠਾਇਆ ਗਿਆ ਤੇ ਦੂਜੀ ਕਾਰ ਵਿੱਚ ਰਾਏਪੁਰ ਪੁਲਸ ਬੈਠੀ | ਰਾਏਪੁਰ ਪੁਲਸ ਜਦੋਂ ਇੰਦਰਾਪੁਰਮ ਥਾਣੇ ਪਹੁੰਚੀ ਤਾਂ ਰੋਹਿਤ ਰੰਜਨ ਉੱਥੇ ਨਹੀਂ ਸੀ | ਰੋਹਿਤ ਰੰਜਨ ਨੂੰ ਤਾਂ ਨੋਇਡਾ ਪੁਲਸ ਲੈ ਗਈ ਸੀ | ਰਾਏਪੁਰ ਪੁਲਸ ਨੇ ਇੰਦਰਾਪੁਰਮ ਥਾਣੇ ਵਿੱਚ ਉਸੇ ਥਾਣੇ ਦੇ ਮੁਲਾਜ਼ਮਾਂ ਵਿਰੁੱਧ ਸਰਕਾਰੀ ਕੰਮ ਵਿੱਚ ਰੁਕਾਵਟ ਪਾਉਣ ਤੇ ਵਰੰਟੀ ਨੂੰ ਛੁਡਾਉਣ ਦਾ ਕੇਸ ਦਰਜ ਕਰਾ ਦਿੱਤਾ |
ਇਸੇ ਦੌਰਾਨ ਰਾਤ 8 ਵਜੇ ਦੇ ਕਰੀਬ ਕਾਂਗਰਸੀ ਵਰਕਰਾਂ ਨੇ ਨੋਇਡਾ ਸੈਕਟਰ-20 ਦੇ ਥਾਣੇ ਅੱਗੇ ਧਰਨਾ ਲਾ ਦਿੱਤਾ | ਉਹ ਮੰਗ ਕਰ ਰਹੇ ਸਨ ਕਿ ਰੋਹਿਤ ਰੰਜਨ ਨੂੰ ਅਗਿਆਤ ਸਥਾਨ ‘ਤੇ ਕਿਉਂ ਰੱਖਿਆ ਗਿਆ ਹੈ ਤੇ ਗਿ੍ਫ਼ਤਾਰ ਕਿਉਂ ਨਹੀਂ ਕੀਤਾ ਜਾਂਦਾ | ਧਰਨਾਕਾਰੀਆਂ ਦੇ ਦਬਾਅ ਕਾਰਨ ਆਖਰ ਰਾਤ 10 ਵਜੇ ਰੋਹਿਤ ਰੰਜਨ ਦੀ ਨੋਇਡਾ ਪੁਲਸ ਵੱਲੋਂ ਗਿ੍ਫ਼ਤਾਰੀ ਪਾਈ ਗਈ | ਨੋਇਡਾ ਪੁਲਸ ਨੇ ਜਿਸ ਕੇਸ ਵਿੱਚ ਰੋਹਿਤ ਰੰਜਨ ਦੀ ਗਿ੍ਫ਼ਤਾਰ ਪਾਈ, ਉਹ ਉਸੇ ਦਿਨ ਹੀ ਕੁਝ ਸਮਾਂ ਪਹਿਲਾਂ ਦਰਜ ਕੀਤਾ ਗਿਆ ਸੀ | ਸਪੱਸ਼ਟ ਹੈ ਕਿ ਹਲਕੀਆਂ ਧਾਰਾਵਾਂ ਅਧੀਨ ਇਹ ਕੇਸ ਰੋਹਿਤ ਰੰਜਨ ਨੂੰ ਰਾਏਪੁਰ ਪੁਲਸ ਤੋਂ ਬਚਾਉਣ ਲਈ ਦਰਜ ਕੀਤਾ ਗਿਆ ਸੀ | ਇਸ ਦੇ ਨਾਲ ਉਸ ਨੂੰ ਜ਼ਮਾਨਤ ਦੇ ਕੇ ਰਿਹਾ ਕਰ ਦਿੱਤਾ ਗਿਆ |
ਬੁੱਧਵਾਰ 6 ਜੁਲਾਈ ਦੀ ਸਵੇਰ ਨੂੰ ਰਾਏਪੁਰ ਦੀ ਪੁਲਸ ਫਿਰ ਰੋਹਿਤ ਰੰਜਨ ਦੇ ਫਲੈਟ ਉੱਤੇ ਪੁੱਜੀ, ਜਿੱਥੇ ਤਾਲਾ ਜੜਿਆ ਹੋਇਆ ਸੀ | ਇਸ ਤਰ੍ਹਾਂ ਯੂ ਪੀ ਪੁਲਸ ਆਪਣੇ ਰਾਜਸੀ ਆਕਾਵਾਂ ਦੇ ਹੁਕਮ ਉੱਤੇ ਰੋਹਿਤ ਰੰਜਨ ਨੂੰ ਰਾਏਪੁਰ ਪੁਲਸ ਦੀ ਗਿ੍ਫ਼ਤਾਰੀ ਤੋਂ ਬਚਾਉਣ ਵਿੱਚ ਕਾਮਯਾਬ ਹੋ ਗਈ | ਇਸ ਸਾਰੇ ਘਟਨਾਕ੍ਰਮ ਤੋਂ ਬਾਅਦ ਨਿਆਂਪਾਲਿਕਾ ਕੀ ਕਰਦੀ ਹੈ, ਆਉਂਦੇ ਦਿਨੀਂ ਸਾਹਮਣੇ ਆ ਜਾਵੇਗਾ | ਨਿਆਂਪਾਲਿਕਾ ਵੱਲੋਂ ਬਿਨਾਂ ਰਿੱਟ ਦਾਖ਼ਲ ਕੀਤੇ ਸੁਣਵਾਈ ਦੀ ਤਰੀਕ ਤੈਅ ਕਰਨਾ ਕਾਫ਼ੀ ਕੁਝ ਸਪੱਸ਼ਟ ਕਰ ਰਿਹਾ ਹੈ |
-ਚੰਦ ਫਤਿਹਪੁਰੀ

Related Articles

LEAVE A REPLY

Please enter your comment!
Please enter your name here

Latest Articles