ਕਾਮਰੇਡ ਭੋਲਾ ਮਾਂਝੀ ਨਗਰ, ਕਾਮਰੇਡ ਜੀ ਮਲੇਸ਼ ਹਾਲ, ਪਟਨਾ (ਗਿਆਨ ਸੈਦਪੁਰੀ)- ‘ਸਾਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਪੂੰਜੀਵਾਦ ਲੋਕਾਂ ਦਾ ਦੁਸ਼ਮਣ ਹੈ। ਇਸ ਨੂੰ ਖਤਮ ਕਰਨ ਲਈ ਲੋਕਾਂ ਅੰਦਰ ਚੇਤਨਾ ਦੀ ਚਿਣਗ ਪੈਦਾ ਕਰਕੇ ਤੇ ਸਾਂਝਾ ਥੜ੍ਹਾ ਮਜ਼ਬੂਤ ਕਰਦਿਆਂ ਵਦਾਣੀ ਸੱਟ ਮਾਰਨੀ ਪਵੇਗੀ।’ ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਇੰਟਰਨੈਸ਼ਨਲ ਯੂਨੀਅਨ ਆਫ ਐਗਰੀਕਲਚਰ, ਫੂਡ, ਕਾਮਰਸ ਐਂਡ ਅਲਾਈਡ ਇੰਡਸਟਰੀਜ਼ ਦੇ ਸਕੱਤਰ ਜਨਰਲ ਕਾਮਰੇਡ ਯੂਲੀਅਨ ਹੱਕ ਨੇ ਕੀਤਾ। ਉਹ ਇੱਥੇ ਚੱਲ ਰਹੇ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਪੰਦਰਵੇਂ ਰਾਸ਼ਟਰੀ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ। ਪੈਰਿਸ (ਫਰਾਂਸ) ਤੋਂ ਉਚੇਚੇ ਤੌਰ ’ਤੇ ਵਧਾਈ ਦੇਣ ਪਹੁੰਚ ਕਾਮਰੇਡ ਹੱਕ ਨੇ ਪੂੰਜੀਵਾਦ ਦੇ ਖੂੰਖਾਰ ਚਿਹਰੇ ਨੂੰ ਮਿਸਾਲਾਂ ਦੇ ਕੇ ਨੰਗਾ ਕੀਤਾ। ਉਨ੍ਹਾ ਕਿਹਾ ਕਿ ਖੇਤੀ, ਪਾਣੀ ਤੇ ਹਵਾ ਲੋਕਾਂ ਨੂੰ ਬਰਾਬਰ ਵੰਡਣੀ ਚਾਹੀਦੀ ਹੈ। ਉਨ੍ਹਾ ਕਿਹਾ ਕਿ ਇਹ ਗੱਲ ਸਾਡੀ ਸਮਝ ਦਾ ਹਿੱਸਾ ਹੋਣੀ ਚਾਹੀਦੀ ਹੈ ਕਿ ਖੇਤੀ ਮਕਾਨਕੀ ਨਹੀਂ, ਸਗੋਂ ਸਮਾਜਕ ਵਰਤਾਰਾ ਹੈ। ਖੇਤੀ ਲੋਕਾਂ ਨੂੰ ਅਨਾਜ ਮੁਹੱਈਆ ਕਰਦੀ ਹੈ। ਇਹ ਰੁਜ਼ਗਾਰ ਦਿੰਦੀ ਹੈ। ਇਸ ਨੂੰ ਹੜੱਪ ਕਰਨ ਲਈ ਕਾਰਪੋਰੇਟਾਂ ਦਾ ਪੂਰਾ ਜ਼ੋਰ ਲੱਗਾ ਹੋਇਆ ਹੈ। ਉਨ੍ਹਾਂ 13 ਮਹੀਨੇ ਦਿੱਲੀ ਦੀਆਂ ਬਰੂਹਾਂ ’ਤੇ ਲੜੇ ਤੇ ਜਿੱਤੇ ਕਿਸਾਨ ਅੰਦੋਲਨ ਦੇ ਹਵਾਲੇ ਨਾਲ ਕਿਹਾ ਕਿ ਦਿ੍ਰੜ੍ਹਤਾ ਅਤੇ ਅਕੀਦੇ ’ਤੇ ਅਡੋਲ ਰਹਿਣ ਨਾਲ ਹੱਠੀ ਸਰਕਾਰਾਂ ਦਾ ਹੱਠ ਤੋੜਿਆ ਜਾ ਸਕਦਾ ਹੈ।
ਅੰਤਰਰਾਸ਼ਟਰੀ ਆਗੂ ਹੱਕ ਨੇ ਇਜ਼ਰਾਈਲ ਵੱਲੋਂ ਫਲਸਤੀਨੀ ਲੋਕਾਂ ’ਤੇ ਢਾਹੇ ਜਾ ਰਹੇ ਕਹਿਰ ਦੀ ਨਿੰਦਾ ਕਰਦਿਆਂ ਫਲਸਤੀਨੀ ਲੋਕਾਂ ਨਾਲ ਯਕਜਹਿਤੀ ਦਾ ਪ੍ਰਗਟਾਵਾ ਕੀਤਾ। 120 ਦੇਸ਼ਾਂ ਦੇ ਅਧਾਰਤ 10 ਲੱਖ ਲੋਕਾਂ ਦੀ ਮੈਂਬਰਸ਼ਿਪ ਵਾਲੀ ਜਥੇਬੰਦੀ ਦੇ ਸਿਰਮੌਰ ਆਗੂ ਨੇ ਕਿਹਾ ਕਿ ਇਹ ਗੱਲ ਵੀ ਸਪੱਸ਼ਟ ਹੈ ਕਿ ਪੂੰਜੀਵਾਦ ਖੁਦ ਵੀ ਡੂੰਘੇ ਸੰਕਟ ’ਚੋਂ ਗੁਜ਼ਰ ਰਿਹਾ ਹੈ। ਇਸੇ ਲਈ ਇਹ ਨਵੀਂਆਂ ਮੰਡੀਆਂ ਦੀ ਭਾਲ ਵਿੱਚ ਹਾਬੜਿਆ ਫਿਰਦਾ ਹੈ। ਕਾਮਰੇਡ ਹੱਕ ਨੇ ਆਪਣੀ ਤਕਰੀਰ ਦੇ ਸ਼ੁਰੂ ’ਚ ਪ੍ਰਸਿੱਧ ਬੁੱਧੀਜੀਵੀ ਤੇ ਟਰੇਡ ਯੂਨੀਅਨ ਆਗੂ ਮਰਹੂਮ ਕਾਮਰੇਡ ਸੁਨੀਲ ਚੋਪੜਾ ਨੂੰ ਸਤਿਕਾਰ ਨਾਲ ਯਾਦ ਕੀਤਾ।
ਆਖਰ ’ਚ ਯੂਲੀਅਨ ਹੱਕ ਨੇ ਕਿਹਾ ਕਿ ਸਾਡਾ ਸੰਘਰਸ਼ ਭੁੱਖ ਨੂੰ ਖਤਮ ਕਰਨ ਲਈ ਹੈ। ਅਸੀਂ ਚਾਹੁੰਦੇ ਹਾਂ ਕਿ ਲੋਕ ਆਤਮ ਨਿਰਭਰ ਬਣ ਕੇ ਜ਼ਿੰਦਗੀ ਨੂੰ ਸੁਖਾਲਿਆਂ ਜੀ ਸਕਣ। ਕਾਮਰੇਡ ਹੱਕ ਦੇ ਨਾਲ ਯੂਨੀਅਨ ਦੇ ਵਿੱਤ ਸਕੱਤਰ ਯੂਲੀਅਨ ਆਰਡਰੌਟ ਵੀ ਭਾਰਤੀ ਖੇਤ ਮਜ਼ਦੂਰ ਯੂਨੀਅਨ ਨੂੰ ਵਧਾਈ ਦੇਣ ਲਈ ਪਹੁੰਚੇ ਹੋਏ ਸਨ। ਦੋਵਾਂ ਆਗੂਆਂ ਨੂੰ ਬੀ ਕੇ ਐੱਮ ਯੂ ਵੱਲੋਂ ਸਨਮਾਨਤ ਕੀਤਾ ਗਿਆ।
ਇਸ ਦੌਰਾਨ ਕਾਨਫਰੰਸ ਦੇ ਆਖਰੀ ਪੜਾਅ ’ਚ ਪਹੁੰਚਣ ’ਤੇ ਵੀ ਮੁਬਾਰਕਾਂ ਦਾ ਸਿਲਸਿਲਾ ਚਲਦਾ ਰਿਹਾ। ਨੈਸ਼ਨਲ ਫੈਡਰੇਸ਼ਨ ਆਫ ਵੋਮੈਨ ਦੀ ਆਗੂ ਕਾਮਰੇਡ ਐਨੀ ਰਾਜਾ ਨੇ ਯੂਨੀਅਨ ਨੂੰ ਵਧਾਈ ਦਿੰਦਿਆਂ ਉਸ ਦੇ ਸਹਿਯੋਗ ਲਈ ਧੰਨਵਾਦ ਕੀਤਾ। ਉਨ੍ਹਾ ਮੋਦੀ ਸਰਕਾਰ ਦੀ ਬੇਹੱਦ ਨਿਰਾਸ਼ਾਜਨਕ ਕਾਰਕਰਦਗੀ ਦਾ ਕੱਚਾ-ਚਿੱਠਾ ਵੀ ਕਾਨਫਰੰਸ ’ਚ ਨਸ਼ਰ ਕੀਤਾ। ਉਨ੍ਹਾ ਕਿਹਾ ਕਿ ਔਰਤਾਂ ਉੱਤੇ ਜ਼ੁਲਮ ਤਾਂ ਪਹਿਲਾਂ ਤੋਂ ਹੀ ਹੁੰਦੇ ਆਏ ਹਨ, ਪਰ 2014 ਤੋਂ ਬਾਅਦ ਇਨ੍ਹਾਂ ਜ਼ੁਲਮਾਂ ਦੀ ਗਿਣਤੀ ਤੇ ਕਰੂਰਤਾ ’ਚ ਹੋਰ ਵਾਧਾ ਹੋਇਆ ਹੈ। ਕਾਨਫਰੰਸ ’ਚ ਵੱਖ-ਵੱਖ ਮਤੇ ਪੇਸ਼ ਕੀਤੇ ਜਾਂਦੇ ਰਹੇ। ਇਨ੍ਹਾਂ ਮਤਿਆਂ ਨੂੰ ਡੈਲੀਗੇਟਾਂ ਨੇ ਹੱਥ ਖੜੇ ਕਰਕੇ ਪ੍ਰਵਾਨਗੀ ਦਿੱਤੀ। ਯੂਨੀਅਨ ਦੇ ਆਗੂ ਵੀ ਐੱਸ ਨਿਰਮਲ ਨੇ ਦਲਿਤਾਂ ’ਤੇ ਹੋ ਰਹੇ ਅੱਤਿਆਚਾਰਾਂ ਵਿਰੁੱਧ ਮਤਾ ਪਾਸ ਕਰਵਾਇਆ। ਇਨ੍ਹਾਂ ਕਾਰਵਾਈਆਂ ਦੇ ਨਾਲ-ਨਾਲ ਜਨਰਲ ਸਕੱਤਰ ਵੱਲੋਂ ਪੇਸ਼ ਕੀਤੀ ਗਈ ਰਿਪੋਰਟ ’ਤੇ ਬਹਿਸ ਵੀ ਜਾਰੀ ਰਹੀ। ਪੰਜਾਬ ਦੇ ਡੈਲੀਗੇਟਾਂ ’ਚ ਪੰਜਾਬ ਖੇਤ ਮਜ਼ਦੂਰ ਸਭਾ ਦੀ ਜਨਰਲ ਸਕੱਤਰ ਦੇਵੀ ਕੁਮਾਰੀ ਸਰਹਾਲੀ ਕਲਾਂ ਅਤੇ ਮੀਤ ਪ੍ਰਧਾਨ ਕਿ੍ਰਸ਼ਨ ਚੌਹਾਨ ਨੇ ਬਹਿਸ ’ਚ ਹਿੱਸਾ ਲਿਆ। ਇਨ੍ਹਾਂ ਆਗੂਆਂ ਨੇ ਰਿਪੋਰਟ ਦਾ ਸਮਰਥਨ ਕਰਦਿਆਂ ਕੁਝ ਵਾਧੇ ਕਰਨ ਦਾ ਸੁਝਾਅ ਵੀ ਪੇਸ਼ ਕੀਤਾ। ਕਾਮਰੇਡ ਸਰਹਾਲੀ ਕਲਾਂ ਅਤੇ ਕਿ੍ਰਸ਼ਨ ਚੌਹਾਨ ਨੇ ਪੰਜਾਬ ਦੇ ਸਿਆਸੀ, ਸਮਾਜੀ ਅਤੇ ਆਰਥਕ ਹਾਲਾਤ ਦਾ ਵਰਣਨ ਕਰਦਿਆਂ ਪੰਜਾਬ ਖੇਤ ਮਜ਼ਦੂਰ ਸਭਾ ਵੱਲੋਂ ਅੱਠ ਹੋਰ ਭਰਾਤਰੀ ਜਥੇਬੰਦੀਆਂ ਨਾਲ ਮਿਲ ਕੇ ਮਜ਼ਦੂਰਾਂ ਦੀ ਬਿਹਤਰੀ ਲਈ ਕੀਤੇ ਜਾ ਰਹੇ ਸੰਘਰਸ਼ ਦਾ ਵੀ ਸੰਖੇਪ ’ਚ ਜ਼ਿਕਰ ਕੀਤਾ। ਇਨ੍ਹਾਂ ਤੋਂ ਇਲਾਵਾ ਮਹਾਰਾਸ਼ਟਰ ਤੋਂ ਦੇਵ ਚੌਹਾਨ, ਤਾਮਿਲਨਾਡੂ ਤੋਂ ਸਰਵਣ ਅਤੇ ਰਾਜਸਥਾਨ ਤੋਂ ਅਵਤਾਰ ਸਿੰਘ ਰਾਮਗੜ੍ਹੀਆ ਨੇ ਵੀ ਰਿਪੋਰਟ ’ਤੇ ਆਪਣੀ ਗੱਲ ਕੀਤੀ।