ਨਵੀਂ ਦਿੱਲੀ : ਭਾਰਤੀ ਫੌਜ ’ਚ ਤਾਇਨਾਤ ਮਹਿਲਾ ਸੈਨਿਕਾਂ ਨੂੰ ਹੁਣ ਪ੍ਰਸੂਤਾ ਛੁੱਟੀ ਅਤੇ ਬੱਚੇ ਦੀ ਦੇਖਭਾਲ ਲਈ ਛੁੱਟੀ ਮਿਲੇਗੀ। ਰੱਖਿਆ ਮੰਤਰਾਲੇ ਨੇ ਇਸ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਨ੍ਹਾਂ ’ਚ ਮਹਿਲਾ ਅਗਨੀਵੀਰ ਵੀ ਸ਼ਾਮਲ ਹਨ। ਹਾਲੇ ਤੱਕ ਫੌਜ ’ਚ ਕੇਵਲ ਉਚ ਰੈਂਕ ਮਹਿਲਾ ਅਫਸਰ ਨੂੰ ਹੀ ਬੱਚੇ ਦੀ ਦੇਖਭਾਲ ਲਈ ਛੁੱਟੀ ਦਿੱਤੀ ਜਾਂਦੀ ਸੀ। ਰੱਖਿਆ ਮੰਤਰਾਲੇ ਨੇ ਇੱਕ ਬਿਆਨ ’ਚ ਕਿਹਾ ਕਿ ਇਹ ਫੈਸਲਾ ਫੌਜ ’ਚ ਸਾਰੀਆਂ ਮਹਿਲਾਵਾਂ ਦੀ ਭਾਗੀਦਾਰੀ ਦੇ ਅਨੁਕੂਲ ਹੈ, ਫਿਰ ਚਾਹੇ ਉਨ੍ਹਾਂ ਦਾ ਰੈਂਕ ਕੁਝ ਵੀ ਹੋਵੇ। ਨਿਯਮਾਂ ਦੇ ਵਿਸਥਾਰ ਨਾਲ ਫੌਜ ’ਚ ਪੋਸਟਿਡ ਮਹਿਲਾਵਾਂ ਨੂੰ ਪਰਵਾਰ ਅਤੇ ਸਮਾਜਕ ਮੁੱਦਿਆਂ ਨਾਲ ਨਜਿੱਠਣ ’ਚ ਕਾਫ਼ੀ ਮਦਦ ਮਿਲੇਗੀ। ਨਾਲ ਹੀ ਇਸ ਨਾਲ ਫੌਜ ’ਚ ਮਹਿਲਾਵਾਂ ਦੇ ਕੰਮ ਕਰਨ ਦੀਆਂ ਸਥਿਤੀਆਂ ’ਚ ਸੁਧਾਰ ਹੋਵੇਗਾ। ਫਿਲਹਾਲ ਮਹਿਲਾ ਅਧਿਕਾਰੀਆਂ ਨੂੰ 180 ਦਿਨਾਂ ਦੀ ਪ੍ਰਸੂਤਾ ਛੁੱਟੀ ਮਿਲਦੀ ਹੈ। ਖ਼ਬਰਾਂ ਮੁਤਾਬਕ ਮਹਿਲਾ ਅਧਿਕਾਰੀ ਨੂੰ 2 ਬੱਚਿਆਂ ਲਈ ਪੂਰੀ ਤਨਖਾਹ ਦੇ ਨਾਲ 180 ਦਿਨ ਦੀ ਛੁੱਟੀ ਮਿਲਦੀ ਹੈ। ਮਹਿਲਾ ਅਧਿਕਾਰੀਆਂ ਨੂੰ ਸਰਵਿਸ ਦੌਰਾਨ 360 ਦਿਨਾਂ ਦੀ ਛੁੱਟੀ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ 1 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਗੋਦ ਲੈਣ ਦੀ ਮਿਤੀ ਤੋਂ ਬਾਅਦ 180 ਦਿਨਾਂ ਦੀ ਛੁੱਟੀ ਮਿਲਦੀ ਹੈ।