ਨਵੀਂ ਦਿੱਲੀ : ਦਿੱਲੀ ’ਚ ਪ੍ਰਦੂਸ਼ਤ ਹੁੰਦੀ ਹਵਾ ਨੇ ਸਥਿਤੀ ਹੋਰ ਗੰਭੀਰ ਬਣਾ ਦਿੱਤੀ ਹੈ। ਹਾਲਾਤ ਨੂੰ ਦੇਖਦੇ ਹੋਏ ਹਰਕਤ ’ਚ ਆਈ ਕੇਜਰੀਵਾਲ ਸਰਕਾਰ ਨੇ ਰਾਜਧਾਨੀ ਦੇ ਸਾਰੇ ਪ੍ਰਾਇਮਰੀ ਸਕੂਲ 10 ਨਵੰਬਰ ਤੱਕ ਬੰਦ ਰੱਖਣ ਦਾ ਆਦੇਸ਼ ਦਿੱਤਾ ਹੈ। ਉਥੇ ਹੀ ਕਲਾਸ 6 ਤੋਂ 12ਵੀਂ ਤੱਕ ਦੇ ਸਕੂਲਾਂ ਲਈ ਆਨਲਾਈਨ ਕਲਾਸਾਂ ਸ਼ੁਰੂ ਕਰ ਦਾ ਵਿਕਲਪ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਦਿੱਲੀ ’ਚ ਵਧਦੇ ਪ੍ਰਦੂਸ਼ਣ ਦੇ ਮੱਦੇਨਜ਼ਰ 5 ਨਵੰਬਰ ਤੱਕ ਪੰਜਵੀਂ ਤੱਕ ਦੇ ਸਕੂਲ ਬੰਦ ਕੀਤੇ ਗਏ ਸਨ। ਹੁਣ ਇਸ ਨੂੰ ਵਧਾ ਕੇ 10 ਨਵੰਬਰ ਤੱਕ ਕਰ ਦਿੱਤਾ ਗਿਆ ਹੈ। ਦਿੱਲੀ ਦੀ ਸਿੱਖਿਆ ਮੰਤਰੀ ਆਤਿਸ਼ੀ ਨੇ ਐਤਵਾਰ ਟਵੀਟ ਕੀਤਾ, ‘ਪ੍ਰਦੂਸ਼ਣ ਦਾ ਪੱਧਰ ਲਗਾਤਾਰ ਵਧ ਰਿਹਾ ਹੈ, ਇਸ ਲਈ ਦਿੱਲੀ ’ਚ ਪ੍ਰਾਇਮਰੀ ਸਕੂਲ 10 ਨਵੰਬਰ ਤੱਕ ਬੰਦ ਰਹਿਣਗੇ। ਇਸ ਦੇ ਨਾਲ ਹੀ 6 ਤੋਂ 12ਵੀਂ ਤੱਕ ਦੀਆਂ ਕਲਾਸਾਂ ਨੂੰ ਆਨਲਾਈਨ ਪੜ੍ਹਾਇਆ ਜਾਵੇ।’ ਦਿੱਲੀ ’ਚ ਹਵਾ ਦੀ ਲਗਾਤਾਰ ਛੇਵੇਂ ਦਿਨ ਜ਼ਹਿਰੀਲੀ ਧੁੰਦ ਛਾਈ ਰਹੀ ਅਤੇ ਵਾਯੂ ਗੁਣਵੱਤਾ ਸੂਚਕ ਅੰਕ (ਏ ਕਿਊ ਆਈ) ਅਤਿ ਗੰਭੀਰ ਸ਼੍ਰੇਣੀ ’ਚ ਪਹੁੰਚ ਗਿਆ ਹੈ। ਐਤਵਾਰ ਏ ਕਿਊ ਆਈ 471 ’ਤੇ ਪਹੁੰਚ ਗਿਆ। ਦਿੱਲੀ ਤੋਂ ਬਾਅਦ ਲਾਹੌਰ 371 ’ਤੇ ਰਿਹਾ। ਉਥੇ ਹੀ ਕੋਲਕਾਤਾ ਅਤੇ ਮੁੰਬਈ ਵੀ ਕ੍ਰਮਵਾਰ 206 ਅਤੇ 162 ਏ ਕਿਊ ਆਈ ਦੇ ਨਾਲ ਵਾਯੂ ਪ੍ਰਦਸ਼ੂਣ ’ਚ ਸਭ ਤੋਂ ਜ਼ਿਆਦਾ ਪ੍ਰਭਾਵਤ ਪੰਜ ਸ਼ਹਿਰਾਂ ’ਚ ਸ਼ਾਮਲ ਸਨ। ਇਸੇ ਦੌਰਾਨ ਸਥਿਤੀ ਨੂੰ ਦੇਖਦੇ ਹੋਏ ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਨੇ ਰਾਜਧਾਨੀ ’ਚ ਗਰੁੱਪ-4 ਲਾਗੂ ਕਰ ਦਿੱਤਾ ਹੈ। ਗਰੁੱਪ-4 ਲਾਗੂ ਹੁੰਦੇ ਹੀ ਜ਼ਰੂਰੀ ਸਾਮਾਨ ਲਿਜਾਣ ਵਾਲੀ ਸਰਵਿਸ ਵਾਲੇ ਅਤੇ ਹੋਰ ਸੀ ਐੱਨ ਜੀ, ਇਲੈਕਟਿ੍ਰਕ ਟਰੱਕਾਂ ਨੂੰ ਛੱਡ ਕੇ ਬਾਕੀ ਟਰੱਕਾਂ ਦੀ ਦਿੱਲੀ ਐਂਟਰੀ ’ਤੇ ਰੋਕ ਲਾ ਦਿੱਤੀ ਜਾਵੇਗੀ। ਵਧਦੇ ਪ੍ਰਦੂਸ਼ਣ ਦੇ ਮੱਦੇਨਜ਼ਰ ਗਰੁੱਪ-3 ਦੇ ਤਹਿਤ ਬੀ ਐੱਸ-3 ਪੈਟਰੋਲ ਅਤੇ ਬੀ ਐੱਸ-4 ਡੀਜ਼ਲ ਵਾਲੀਆਂ ਕਾਰਾਂ ਤੇ ਦਿੱਲੀ ਵਿਚਲੇ ਪ੍ਰਾਈਵੇਟ ਨਿਰਮਾਣ ਕੰਮਾਂ ਨੂੰ ਪੂਰੀ ਤਰ੍ਹਾਂ ਨਾਲ ਬੰਦ ਕੀਤਾ ਗਿਆ ਹੈ। ਧੂੜ ਫੈਲਾਉਣ ਵਾਲੀਆਂ ਗਤੀਵਿਧੀਆਂ ਵਰਗੀਆਂ ਖੁਦਾਈ, ਬੋਰਿੰਗ, ਡਰਿ�ਿਗ, ਨਿਰਮਾਣ ਅਧੀਨ ਸਮਗਰੀ ਵਰਗੇ ਕੰਮਾਂ ’ਤੇ ਪਾਬੰਦੀ ਹੈ। ਐਨ ਸੀ ਆਰ ’ਚ ਸਟੋਨ ਕਰੈਸ਼ਰ ਜ਼ੋਨ ਅਤੇ ਮਾਇਨਿੰਗ ਨਾਲ ਜੁੜੇ ਕੰਮ ਪਹਿਲਾਂ ਹੀ ਬੰਦ ਹਨ।