18.3 C
Jalandhar
Thursday, November 21, 2024
spot_img

ਮੋਦੀ ਸਰਕਾਰ ਵੱਲੋਂ ਦੇਸ਼ ਨੂੰ ਫਿਰਕੂ ਅੱਗ ’ਚ ਧੱਕਿਆ ਜਾ ਰਿਹੈ : ਸਿਰਸਾ

ਮੋਗਾ (ਅਮਰਜੀਤ ਬੱਬਰੀ)
ਉੱਘੇ ਕਮਿਊਨਿਸਟ ਆਗੂ ਕਾਮਰੇਡ ਰਣਧੀਰ ਸਿੰਘ ਗਿੱਲ ਦੀ ਪਹਿਲੀ ਬਰਸੀ ਭਾਰਤੀ ਕਮਿਊਨਿਸਟ ਪਾਰਟੀ ਮੋਗਾ ਵੱਲੋਂ ਸੈਮੀਨਾਰ ਦੇ ਰੂਪ ’ਚ ਮਨਾਈ ਗਈ। ਸਮਾਗਮ ਦੀ ਪ੍ਰਧਾਨਗੀ ਲੇਖਕ ਬਲਦੇਵ ਸਿੰਘ ਸੜਕਨਾਮਾ, ਹਾਸ ਵਿਅੰਗ ਲੇਖਕ ਕੇ ਐੱਲ ਗਰਗ, ਕਹਾਣੀਕਾਰ ਗੁਰਮੀਤ ਸਿੰਘ ਕੜਿਆਲਵੀ ਪਿ੍ਰੰਸੀਪਲ, ਪੂਰਨ ਸਿੰਘ ਸੰਧੂ ਅਤੇ ਟਰੇਡ ਯੂਨੀਅਨ ਆਗੂ ਜਗਦੀਸ਼ ਸਿੰਘ ਚਾਹਲ ਨੇ ਕੀਤੀ। ਇਸ ਮੌਕੇ ਪ੍ਰਗਤੀਸ਼ੀਲ ਲੇਖਕ ਸੰਘ ਦੇ ਕੁੱਲ ਹਿੰਦ ਜਨਰਲ ਸਕੱਤਰ ਸੁਖਦੇਵ ਸਿੰਘ ਸਿਰਸਾ ਨੇ ‘ਅਜੋਕੇ ਦੌਰ ’ਚ ਲੇਖਕਾਂ ਅਤੇ ਬੁੱਧੀਜੀਵੀਆਂ ਦੀ ਭੂਮਿਕਾ’ ਵਿਸ਼ੇ ’ਤੇ ਆਪਣੀ ਗੱਲ ਰੱਖਦਿਆਂ ਕਿਹਾ ਕਿ ਅੱਜ ਜਦੋਂ ਦੇਸ਼ ਬੜੇ ਨਾਜ਼ੁਕ ਦੌਰ ’ਚੋਂ ਗੁਜ਼ਰ ਰਿਹਾ ਹੈ, ਗਰੀਬੀ, ਭੁੱਖਮਰੀ, ਬੇਰੁਜ਼ਗਾਰੀ ਆਦਿ ਸਮੱਸਿਆਵਾਂ ਸਿਖਰਾਂ ’ਤੇ ਪਹੁੰਚ ਚੁੱਕੀਆਂ ਹਨ। ਸਰਮਾਏ ਦੀ ਲਗਾਤਾਰ ਵਧਦੀ ਲੁੱਟ ਨੇ ਲੋਕਾਂ ਨੂੰ ਰੋਟੀ, ਇਲਾਜ ਅਤੇ ਸਿੱਖਿਆ ਤੋਂ ਮੁਥਾਜ ਕਰ ਦਿੱਤਾ ਹੈ, ਸਮੇਤ ਭਾਰਤ ’ਚ ਦੁਨੀਆ ਦੀ ਸਮੁੱਚੀ ਦੌਲਤ ਮੁੱਠੀਭਰ ਲੋਕਾਂ ਦੇ ਹੱਥਾਂ ’ਚ ਇਕੱਤਰ ਹੋ ਰਹੀ ਹੈ।ਕਰੋਨੀਅਨ ਸਰਮਾਏਦਾਰੀ ਦੌਰ ’ਚ ਦੁਨੀਆ ਭਰ ਦੇ ਦੇਸ਼ਾਂ ਦੀਆਂ ਸਰਕਾਰਾਂ ਆਪਣੇ ਸਰਮਾਏਦਾਰੀ ਆਕਾਵਾਂ ਦੇ ਢਿੱਡ ਭਰਨ ਲਈ ਸੇਵਾ ’ਚ ਹਨ। ਉਹਨਾ ਕਿਹਾ ਕਿ ਭਾਰਤ ਸਰਕਾਰ ਵੱਲੋਂ ਦੇਸ਼ ਨੂੰ ਸੱਤਾ ਦੀ ਲਾਲਸਾ ਕਰਕੇ ਫਿਰਕੂ ਅੱਗ ’ਚ ਧੱਕਣ ਦੀਆਂ ਲਗਾਤਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।ਵਿਰੋਧ ਦੀ ਆਵਾਜ਼ ਨੂੰ ਜੇਲਾਂ ’ਚ ਸੁੱਟਿਆ ਜਾ ਰਿਹਾ ਹੈ, ਇਸ ਸਮੇਂ ਨਾਜ਼ਕ ਦੌਰ ’ਚ ਇੱਕ ਲੇਖਕ ਦਾ ਅੱਗੇ ਆਉਣਾ ਸਮੇਂ ਦੀ ਲੋੜ ਹੈ।
ਦੂਸਰੇ ਵਿਸ਼ੇ ‘ਅਕਤੂਬਰ ਇਨਕਲਾਬ ਦੀ ਸੰਸਾਰ ਨੂੰ ਦੇਣ ਅਤੇ ਇਹਦੀ ਅਜੋਕੇ ਦੌਰ ’ਚ ਮਹੱਤਤਾ’ ’ਤੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਮਾਰਕਸਵਾਦੀ ਚਿੰਤਕ ਜਗਰੂਪ ਨੇ ਅਕਤੂਬਰ ਇਨਕਲਾਬ ਦੇ ਇਤਿਹਾਸ, ਮਜ਼ਦੂਰ ਜਮਾਤ ਦੇ ਮਹਾਨ ਆਗੂ ਲੈਨਿਨ ਦੀ ਇਤਿਹਾਸਕ ਦੇਣ ਨੂੰ ਚੇਤੇ ਕਰਦਿਆਂ ਪਦਾਰਥਵਾਦੀ ਸਿਧਾਂਤਕ ਵਿੱਦਿਆ ਦੀ ਲੋੜ ਅਤੇ ਇਸ ਦੇ ਪ੍ਰਸਾਰ ਲਈ ਯਤਨਸ਼ੀਲ ਹੋਣ ਲਈ ਸੁਚੇਤ ਕੀਤਾ. ਉਨ੍ਹਾ ਚੇਤੇ ਕਰਾਉਂਦਿਆਂ ਕਿਹਾ ਕਿ ਸਮਾਜਵਾਦੀ ਸਰਕਾਰ ਦੇ ਪਹਿਲੇ ਫੈਸਲਿਆਂ ’ਚ ਜੰਗ ਦਾ ਖਾਤਮਾ, ਜ਼ਮੀਨ ਕਿਸਾਨਾਂ ਨੂੰ, ਫੈਕਟਰੀਆਂ ਮਜ਼ਦੂਰਾਂ ਨੂੰ ਅਤੇ 8 ਘੰਟੇ ਕੰਮ ਦਿਹਾੜੀ ਸਮਾਂ ਲਾਗੂ ਕਰਨ ਵਾਲਾ ਪਹਿਲਾ ਦੇਸ਼ ਬਣਿਆ। ਉਨ੍ਹਾ ਲੈਨਿਨ ਦੇ ਇਸ ਸਿਧਾਂਤਕ ਵਿਚਾਰ ਕਿ ਪੈਦਾਵਾਰਤਾ ਦੇ ਲਗਾਤਾਰ ਵਾਧੇ ਕਾਰਨ ਬੇਰੁਜ਼ਗਾਰੀ ਦੇ ਖਾਤਮੇ ਲਈ ਕੰਮ ਦਿਹਾੜੀ ਸਮਾਂ ਲੋੜ ਅਨੁਸਾਰ ਘੱਟ ਕਰਨਾ ਹੋਵੇਗਾ।ਇਸ ਮੌਕੇ ਕਾਮਰੇਡ ਰਣਧੀਰ ਗਿੱਲ ਦੇ ਸੰਘਰਸ਼ਾਂ ਦੇ ਸਾਥੀ ਰਹੇ ਅਤੇ ਮੁਲਾਜ਼ਮ ਲਹਿਰ ਦੇ ਆਗੂਆਂ ਚਰਨ ਸਰਾਭਾ, ਅਵਤਾਰ ਸਿੰਘ ਫਿਰੋਜ਼ਪੁਰ ਅਤੇ ਮੁਲਾਜ਼ਮ ਲਹਿਰ ਦੇ ਬਾਬਾ ਬੋਹੜ ਰਣਬੀਰ ਸਿੰਘ ਢਿੱਲੋਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸਰਕਾਰੀ ਹਾਈ ਸਕੂਲ ਬਹੋਨਾ ਦੇ ਭਾਸ਼ਣ ਮੁਕਾਬਲੇ ਦੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ ਗਏ।
ਇਸ ਮੌਕੇ ਕੁਲਦੀਪ ਸਿੰਘ ਭੋਲਾ, ਜਗਜੀਤ ਸਿੰਘ ਨਿਹਾਲ ਸਿੰਘ ਵਾਲਾ, ਡਾਕਟਰ ਗੁਰਚਰਨ ਸਿੰਘ ਦਾਤੇਵਾਸ, ਸਵਰਾਜ ਸਿੰਘ ਢੁੱਡੀਕੇ, ਜਗਸੀਰ ਖੋਸਾ, ਕਰਮਵੀਰ ਬੱਧਨੀ, ਗੁਰਦਿੱਤ ਦੀਨਾ, ਸਵਰਾਜ ਖੋਸਾ, ਗੁਰਜੰਟ ਸਿੰਘ ਕੋਕਰੀ, ਸੁਰਿੰਦਰ ਸਿੰਘ ਬਰਾੜ, ਪੋਹਲਾ ਸਿੰਘ ਬਰਾੜ, ਸਤਪਾਲ ਸਹਿਗਲ, ਬਚਿੱਤਰ ਸਿੰਘ ਧੋਥੜ, ਬੂਟਾ ਸਿੰਘ ਭੱਟੀ, ਚਮਕੌਰ ਸਿੰਘ ਬੀਰਮੀ, ਨਾਇਬ ਸਿੰਘ, ਪਰਗਟ ਸਾਫੂਵਾਲਾ, ਚਮਕੌਰ ਸਿੰਘ ਰੋਡੇ, ਸਰਬਜੀਤ ਕੌਰ ਖੋਸਾ, ਡਾਕਟਰ ਇੰਦਰਵੀਰ ਸਿੰਘ ਗਿੱਲ ਸਮੇਤ ਗਿੱਲ ਪਰਵਾਰ ਦੇ ਮੈਂਬਰ ਤੇ ਪਿੰਡ ਬਹੋਨਾ ਨਿਵਾਸੀ ਮੌਜੂਦ ਸਨ।

Related Articles

LEAVE A REPLY

Please enter your comment!
Please enter your name here

Latest Articles