ਅਦਾਨਾ : ਤੁਰਕੀ ’ਚ ਇਜ਼ਰਾਈਲ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀ ਅਦਾਨਾ ਸੂਬੇ ’ਚ ਸਥਿਤ ਇੱਕ ਏਅਰਬੇਸ ’ਚ ਦਾਖ਼ਲ ਹੋ ਗਏ। ਇੱਥੇ ਅਮਰੀਕੀ ਸੈਨਿਕ ਮੌਜੂਦ ਸਨ। ਪੁਲਸ ਨੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਅੱਥਰੂ ਗੈਸ ਅਤੇ ਵਾਟਰ ਕੈਨਨ ਦਾ ਇਸਤੇਮਾਲ ਕੀਤਾ। ਤੁਰਕੀ ਜੰਗ ਨੂੰ ਲੈ ਕੇ ਇਜ਼ਰਾਈਲ ਦਾ ਵਿਰੋਧ ਕਰ ਰਿਹਾ ਹੈ। ਉਥੇ ਹੀ ਅਮਰੀਕਾ ਜੰਗ ਦੀ ਸ਼ੁਰੂਆਤ ਤੋਂ ਹੀ ਇਜ਼ਰਾਈਲ ਦੀ ਹਮਾਇਤ ਕਰ ਰਿਹਾ ਹੈ। ਏਅਰਬੇਸ ਦੇ ਬਾਹਰ ਇਕੱਠੀ ਹੋਈ ਭੀੜ ਨੇ ਫਲਸਤੀਨੀ ਝੰਡੇ ਲਹਿਰਾਏ ਅਤੇ ਨਾਅਰੇ ਲਾਉਂਦੇ ਦਿਖਾਈ ਦਿੱਤੇ। ਏਨਾ ਹੀ ਨਹੀਂ, ਪ੍ਰਦਰਸ਼ਨਕਾਰੀਆਂ ਨੇ ਪੁਲਸ ਵੱਲੋਂ ਲਾਏ ਬੈਰੀਕੇਡ ਤੋੜ ਦਿੱਤੇ ਅਤੇ ਪੁਲਸ ਨਾਲ ਭਿੜ ਗਏ।
ਇਸ ਤੋਂ ਇਲਾਵਾ ਪ੍ਰਦਰਸ਼ਨਕਾਰੀਆਂ ਨੇ ਪੁਲਸ ’ਤੇ ਪਥਰਾਅ ਵੀ ਕੀਤਾ। ਇਸ ਤੋਂ ਪਹਿਲਾਂ ਅਮਰੀਕਾ ਦੇ ਓਕਲੈਂਡ ਪੋਰਟ ’ਤੇ ਇਜ਼ਰਾਈਲ ਖਿਲਾਫ਼ ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਮਿਲਟਰੀ ਸ਼ਿਪ ਦਾ ਰਸਤਾ ਰੋਕ ਦਿੱਤਾ। ਇਸ ਸ਼ਿਪ ’ਚ ਇਜ਼ਰਾਈਲ ਨੂੰ ਦਿੱਤੇ ਜਾਣ ਵਾਲੇ ਹਥਿਆਰ ਸਨ। ਪ੍ਰਦਰਸ਼ਨਕਾਰੀ ਇਸ ਸ਼ਿਪ ’ਤੇ ਚੜ੍ਹ ਗਏ।