ਨਵੀਂ ਦਿੱਲੀ : ਪੰਜ ਸਾਲ ਬਾਅਦ ਮੰਗਲਵਾਰ 7 ਨਵੰਬਰ ਨੂੰ ਇੱਕ ਵਾਰ ਫਿਰ ਮਿਜ਼ੋਰਮ ਦੇ ਲੋਕ ਨਵੀਂ ਸਰਕਾਰ ਚੁਣਨ ਲਈ ਵੋਟਿੰਗ ਕਰਨਗੇ। 40 ਮੈਂਬਰਾਂ ਵਾਲੀ ਮਿਜ਼ੋਰਮ ਵਿਧਾਨ ਸਭਾ ਲਈ ਅੱਜ ਵੋਟਿੰਗ ਹੋਵੇਗੀ। ਇਸ ਦੇ ਨਾਲ ਛੱਤੀਸਗੜ੍ਹ ’ਚ ਵੀ ਪਹਿਲੇ ਗੇੜ ਦੇ ਤਹਿਤ 20 ਸੀਟਾਂ ਲਈ ਵੋਟਿੰਗ ਹੋਵੇਗੀ। ਵੋਟਿੰਗ ਪ੍ਰਕਿਰਿਆ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਚੱਲੇਗੀ। ਛੱਤੀਸਗੜ੍ਹ ’ਚ ਪਹਿਲੇ ਗੇੜ ਦੀ ਵੋਟਿੰਗ ਤੋਂ ਬਾਅਦ ਦੂਜੇ ਗੇੜ ਲਈ ਵੋਟਿੰਗ 17 ਨਵੰਬਰ ਨੂੰ ਹੋਵੇਗੀ, ਜਦਕਿ ਮਿਜ਼ੋਰਮ ’ਚ 7 ਨਵੰਬਰ ਦੀ ਵੋਟਿੰਗ ਤੋਂ ਬਾਅਦ ਲੋਕਾਂ ਨੂੰ ਨਤੀਜਿਆਂ ਦਾ ਇੰਤਜ਼ਾਰ ਰਹੇਗਾ। ਮਿਜ਼ੋਰਮ ਦੇ ਚੋਣ ਨਤੀਜੇ ਬਾਕੀ 4 ਵਿਧਾਨ ਸਭਾ ਚੋਣਾਂ ਦੇ ਨਾਲ ਹੀ 3 ਦਸੰਬਰ ਨੂੰ ਜਾਰੀ ਕੀਤੇ ਜਾਣਗੇ। ਮਿਜ਼ੋਰਮ ’ਚ 2018 ’ਚ ਹੋਈਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਜਦਕਿ ਮਿਜ਼ੋ ਨੈਸ਼ਨਲ ਫਰੰਟ ਨੇ 10 ਸਾਲ ਬਾਅਦ ਸੱਤਾ ’ਚ ਵਾਪਸੀ ਕੀਤੀ ਸੀ। 40 ਸੀਟਾਂ ਵਾਲੀ ਮਿਜ਼ੋਰਮ ਵਿਧਾਨ ਸਭਾ ’ਚ 2018 ’ਚ ਐੱਮ ਐੱਨ ਐੱਫ਼ ਨੂੰ 26 ਸੀਟਾਂ ਮਿਲੀਆਂ ਸਨ, ਕਾਂਗਰਸ ਨੇ ਪੰਜ ਸੀਟਾਂ ਜਿੱਤੀਆਂ ਸਨ। ਇਸ ਤੋਂ ਇਲਾਵਾ ਜੋਰਮ ਪੀਪਲਜ਼ ਮੂਵਮੈਂਟ 8 ਸੀਟਾਂ ’ਤੇ ਅਤੇ ਭਾਰਤੀ ਜਨਤਾ ਪਾਰਟੀ 1 ਸੀਟ ਜਿੱਤ ਸਕੀ ਸੀ। ਕਾਂਗਰਸ ਲਈ ਇਹ ਚੋਣ ਬਹੁਤ ਨਿਰਾਸ਼ਾਜਨਕ ਰਹੀ ਸੀ। ਇੱਥੇ ਉਸ ਸਮੇਂ ਮੁੱਖ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਲਾਲ ਥਨਹਾਵਲਾ ਨੂੰ ਚੰਪਈ ਦੱਖਣ ਅਤੇ ਸੇਰਸ਼ਿਪ ਵਿਧਾਨ ਸਭਾ ਖੇਤਰਾਂ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇੱਕ ਜਗ੍ਹਾ ਉਨ੍ਹਾ ਨੂੰ ਐੱਮ ਐੱਨ ਐੱਫ਼ ਦੇ ਉਮੀਦਵਾਰ ਨੇ ਤਾਂ ਦੂਜੀ ਜਗ੍ਹਾ ਆਜ਼ਾਦ ਉਮੀਦਵਾਰ ਨੇ ਹਰਾਇਆ ਸੀ।
ਮਿਜ਼ੋਰਮ ’ਚ ਚੋਣ ਕਮਿਸ਼ਨ ਵੱਲੋਂ ਅਗਸਤ ’ਚ ਜਾਰੀ ਫਾਇਨਲ ਵੋਟਰ ਲਿਸਟ ਮੁਤਾਬਕ ਸੂਬੇ ’ਚ ਕੁੱਲ 8,83,039 ਵੋਟਰ ਹਨ। ਇਨ੍ਹਾਂ ’ਚ ਮਹਿਲਾ ਵੋਟਰਾਂ ਦੀ ਗਿਣਤੀ 4,31,292 ਹੈ, ਜਦਕਿ ਮਰਦ ਵੋਟਰ 4,06747 ਹੈ। ਇੱਥੇ ਮਰਦ ਵੋਟਰਾਂ ਦੀ ਤੁਲਨਾ ’ਚ ਮਹਿਲਾ ਵੋਟਰ 24,545 ਜ਼ਿਆਦਾ ਹਨ। ਇਸ ਤੋਂ ਇਲਾਵਾ ਸੂਬੇ ’ਚ 5021 ਸਰਵਿਸ ਵੋਟਰ ਹਨ। ਛੱਤੀਸਗੜ੍ਹ ਦੇ ਨਕਸਲ ਪ੍ਰਭਾਵਤ ਬਸਤਰ ਸੰਭਾਗ ਦੀ 12 ਅਤੇ ਰਾਜਨੰਦਗਾਓਂ ਖੇਤਰ ਦੀਆਂ ਸੀਟਾਂ ’ਤੇ ਵੋਟਿੰਗ ਹੈ। ਇਸ ’ਚੋਂ 10 ਸੀਟਾਂ ’ਤੇ ਸਵੇਰੇ 7 ਵਜੇ ਤੋਂ ਦੁਪਹਿਰ 3 ਵਜੇ ਤੱਕ ਹੀ ਵੋਟਿੰਗ ਹੋਵੇਗੀ, ਜਦਕਿ ਬਾਕੀ 10 ਸੀਟਾਂ ’ਤੇ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਵੋਟ ਪਾਏ ਜਾਣਗੇ। ਇੱਥੇ ਪਹਿਲੇ ਗੇੜ ਦੀਆਂ 20 ਸੀਟਾਂ ’ਤੇ ਕੁੱਲ 223 ਉਮੀਦਵਾਰ ਮੈਦਾਨ ’ਚ ਹਨ। ਪਹਿਲੇ ਗੇੜ ’ਚ ਵੋਟਿੰਗ ਵਿੱਚ 40 ਲੱਖ 78 ਹਜ਼ਾਰ 681 ਵੋਟਰ 5304 ਬੂਥਾਂ ’ਤੇ ਵੋਟ ਦਾ ਇਸਤੇਮਾਲ ਕਰਨਗੇ।