ਜਲੰਧਰ : ਪੰਜਾਬ ਇਸਤਰੀ ਸਭਾ ਦੀ ਆਗੂ ਰਹੀ ਕਾਮਰੇਡ ਕੁਲਵੰਤ ਕੌਰ ਮਕਸੂਦਾਂ ਨਮਿਤ ਪਾਠ ਦਾ ਭੋਗ ਤੇ ਸ਼ਰਧਾਂਜਲੀ ਸਮਾਗਮ ਮਕਸੂਦਾਂ ਵਿਖੇ ਗੁਰਦੁਆਰਾ ਸਿੰਘ ਸਭਾ ਵਿੱਚ ਹੋਇਆ | ਇਸ ਮੌਕੇ ਕੀਰਤਨ ਤੇ ਕਥਾ ਉਪਰੰਤ ਸ਼ਰਧਾਂਜਲੀ ਸਮਾਗਮ ਦੀ ਕਾਰਵਾਈ ਪਰਵਾਰਕ ਮਿੱਤਰ ਪਿ੍ਥੀਪਾਲ ਸਿੰਘ ਸੰਧੂ ਨੇ ਨਿਭਾਈ |
ਸ਼ਰਧਾਂਜਲੀ ਸਮਾਗਮ ਨੂੰ ਸੀ ਪੀ ਆਈ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ, ਸਹਾਇਕ ਸਕੱਤਰ ਪਿ੍ਥੀਪਾਲ ਸਿੰਘ ਮਾੜੀਮੇਘਾ, ਇਸਤਰੀ ਸਭਾ ਦੀਆਂ ਸੂਬਾਈ ਆਗੂਆਂ ਰਜਿੰਦਰਪਾਲ ਕੌਰ, ਜੀਤ ਕੁਮਾਰੀ, ਸੰਤੋਸ਼ ਬਰਾੜ, ਜ਼ਿਲ੍ਹਾ ਸੀ ਪੀ ਆਈ ਆਗੂ ਚਰਨਜੀਤ ਥੰਮੂਵਾਲ, ਗਿਆਨ ਸੈਦਪੁਰੀ ਤੇ ਉੱਘੇ ਪੱਤਰਕਾਰ ਤੇ ਸਾਬਕਾ ਵਿਦਿਆਰਥੀ ਆਗੂ ਸਤਨਾਮ ਚਾਨਾ ਨੇ ਸੰਬੋਧਨ ਕੀਤਾ | ਬੁਲਾਰਿਆਂ ਨੇ ਕਾਮਰੇਡ ਕੁਲਵੰਤ ਕੌਰ ਵੱਲੋਂ ਕਮਿਊਨਿਸਟ ਪਾਰਟੀ ਤੇ ਪੰਜਾਬ ਇਸਤਰੀ ਸਭਾ ਲਈ ਪਾਏ ਯੋਗਦਾਨ ਨੂੰ ਚੇਤੇ ਕਰਦਿਆਂ ਉਨ੍ਹਾਂ ਨੂੰ ਨਿੱਘੀ ਸ਼ਰਧਾਂਜਲੀ ਭੇਟ ਕੀਤੀ | ਇਸ ਮੌਕੇ ਸੀ ਪੀ ਆਈ ਦੇ ਆਡਿਟ ਕਮਿਸ਼ਨ ਦੇ ਮੈਂਬਰ ਸੁਖਚੈਨ ਸਿੰਘ, ਇਸਤਰੀ ਆਗੂ ਨਰਿੰਦਰ ਪਾਲੀ ਤੇ ਦੇਸ਼ ਭਗਤ ਯਾਦਗਾਰ ਹਾਲ ਦੇ ਟਰੱਸਟੀ ਰਣਜੀਤ ਸਿੰਘ ਔਲਖ ਵੀ ਹਾਜ਼ਰ ਸਨ |
ਕਾਮਰੇਡ ਕੁਲਵੰਤ ਕੌਰ ਦੇ ਲੜਕਿਆਂ ਅਮਰਜੀਤ ਸਿੰਘ ਕੈਨੇਡਾ ਤੇ ਹਰਜੀਤ ਸਿੰਘ ਇਟਲੀ ਦੇ ਪਰਵਾਰ ਵੱਲੋਂ ਸੀ ਪੀ ਆਈ, ਪੰਜਾਬ ਇਸਤਰੀ ਸਭਾ ਤੇ ਲੁਧਿਆਣਾ ਇਸਤਰੀ ਸਭਾ ਨੂੰ ਇੱਕੀ-ਇੱਕੀ ਸੌ ਰੁਪਏ ਅਤੇ ਗੁਰਦੁਆਰਾ ਸਿੰਘ ਸਭਾ ਲਈ ਬਿਲਡਿੰਗ ਫੰਡ ਵਜੋਂ ਇਕੱਤੀ ਸੌ ਰੁਪਏ ਸਹਾਇਤਾ ਵਜੋਂ ਦਿੱਤੇ ਗਏ |