ਬਾਦਲ ਦਲ ਨੇ ਧਾਮੀ ਨੂੰ ਤੀਜੀ ਵਾਰ ਉਮੀਦਵਾਰ ਐਲਾਨਿਆ

0
187

ਅੰਮਿ੍ਰਤਸਰ (ਜਸਬੀਰ ਸਿੰਘ ਪੱਟੀ)-ਸਿੱਖਾਂ ਦੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਹੋਰ ਆਹੁਦੇਦਾਰਾਂ ਤੇ ਅੰਤਰਿੰਗ ਕਮੇਟੀ ਦੇ ਮੈਬਰਾਂ ਦੀ ਚੋਣ ਕਰਨ ਲਈ ਭਲਕੇ ਹੋਣ ਵਾਲੇ ਜਨਰਲ ਅਜਲਾਸ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਤੀਜੀ ਵਾਰੀ ਉਮੀਦਵਾਰ ਐਲਾਨ ਦਿੱਤਾ ਹੈ, ਜਦ ਕਿ ਵਿਰੋਧੀ ਧਿਰ ਸੁਖਦੇਵ ਸਿੰਘ ਢੀਡਸਾ ਦੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵੱਲੋਂ ਸੰਤ ਬਲਬੀਰ ਸਿੰਘ ਘੁੰਨਸ ਨੂੰ ਉਮੀਦਵਾਰ ਐਲਾਨਿਆ ਗਿਆ ਹੈ, ਜਿਸ ਨੂੰ ਸੁਖਬੀਰ ਸਿੰਘ ਬਾਦਲ ਨੇ ਕਈ ਵਾਰੀ ਪ੍ਰਧਾਨ ਬਣਾਉਣ ਦਾ ਲਾਰਾ ਲਾਇਆ ਸੀ। ਪੱਤਰਕਾਰ ਸੰਮੇਲਨ ਦੌਰਾਨ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਸੰਤ ਬਲਬੀਰ ਸਿੰਘ ਘੁੰਨਸ ਦਾ ਨਾਂਅ ਐਲਾਨ ਕਰਦਿਆਂ ਕਿਹਾ ਕਿ ਉਹਨਾ ਦਾ ਉਮੀਦਵਾਰ ਜਿੱਤਣ ਦੀ ਸਮੱਰਥਾ ਰੱਖਦਾ ਹੈ ਤੇ ਭਲਕੇ ਹੋਣ ਵਾਲੀ ਚੋਣ ਲਈ ਉਹ ਸਮੂਹ ਮੈਂਬਰਾਂ ਨੂੰ ਅਪੀਲ ਕਰਦੇ ਹਨ ਕਿ ਪਿਛਲੇ ਦੋ ਸਾਲਾਂ ਦੀ ਧਾਮੀ ਦੀ ਕਾਰਜਸ਼ੈਲੀ ਨੂੰ ਧਿਆਨ ਵਿੱਚ ਜ਼ਰੂਰ ਰੱਖਣ ਤੇ ਅਪਾਣੀ ਜ਼ਮੀਰ ਦੀ ਆਵਾਜ਼ ’ਤੇ ਵੋਟ ਪਾਉਣ।
ਸੁਖਦੇਵ ਸਿੰਘ ਢੀਡਸਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਨੌਨਿਹਾਲ ਸੰਸਥਾ ਹੈ ਤੇ ਪਿਛਲ਼ੇ ਸਮੇਂ ਦੌਰਾਨ ਇੱਕ ਪਰਵਾਰ ਦਾ ਗਲਬਾ ਹੋਣ ਕਾਰਨ ਮਰਿਆਦਾ, ਸਿਧਾਂਤ ਤੇ ਨਿਯਮਾਂ ਨੂੰ ਭਾਰੀ ਢਾਹ ਲੱਗੀ ਹੈ। ਸਿੱਖ ਰਹਿਤ ਮਰਿਆਦਾ ਦੀ ਬਹਾਲੀ ਲਈ ਤਬਦੀਲੀ ਦੀ ਸਖਤ ਜ਼ਰੂਰਤ ਹੈ ਤੇ ਉਹ ਸਮੂਹ ਮੈਂਬਰਾਨ ਨੂੰ ਬੇਨਤੀ ਕਰਦੇ ਹਨ ਕਿ ਉਹ ਸੰਤ ਬਲਬੀਰ ਸਿੰਘ ਘੁੰਨਸ ਦੇ ਧਾਰਮਕ ਪਿਛੋਕੜ ਤੇ ਗੁਰੂ ਪ੍ਰਤੀ ਸਮਰਪਿਤ ਦੀ ਭਾਵਨਾ ਨੂੰ ਮੁੱਖ ਰੱਖਦੇ ਹੋਏ ਜ਼ਮੀਰ ਦੀ ਅਵਾਜ਼ ’ਤੇ ਵੋਟ ਪਾਉਣ। ਉਹਨਾ ਕਿਹਾ ਕਿ ਸੰਤ ਬਲਬੀਰ ਸਿੰਘ ਨੇ ਖੁਦ ਚੋਣ ਲੜਨ ਦੀ ਇੱਛਾ ਪ੍ਰਗਟ ਕੀਤੀ ਸੀ ਤੇ ਸਾਰੇ ਮੈਬਰਾਂ ਨੇ ਸਹਿਮਤੀ ਦੇ ਕੇ ਉਹਨਾ ਨੂੰ ਉਮੀਦਵਾਰ ਬਣਾਉਣ ਦੀ ਵਚਨਬੱਧਤਾ ਪ੍ਰਗਟਾਈ ਹੈ। ਸੰਤ ਘੁੰਨਸ ਨੇ ਕਿਹਾ ਕਿ ਉਹਨਾ ਨੂੰ ਸਮੂਹ ਮੈਂਬਰਾਂ ਨੇ ਸਾਂਝਾ ਉਮੀਦਵਾਰ ਬਣਾ ਕੇ ਜਿਹੜਾ ਮਾਣ ਬਖਸ਼ਿਆ ਹੈ, ਉਸ ਲਈ ਉਹ ਸਾਰੇ ਮੈਂਬਰਾਨ ਸਾਹਿਬਾਨ, ਬੀਬੀ ਜਗੀਰ ਕੌਰ, ਸੁਖਦੇਵ ਸਿੰਘ ਢੀਂਡਸਾ, ਭਾਈ ਜਸਬੀਰ ਸਿੰਘ ਰੋਡੇ ਆਦਿ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਨ। ਭਾਈ ਜਸਬੀਰ ਸਿੰਘ ਰੋਡੇ, ਜਿਹੜੇ ਪਹਿਲਾਂ ਬਾਦਲ ਅਕਾਲੀ ਦਲ ਵਿੱਚ ਰਹਿ ਕੇ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਨੂੰ ਜਿਤਾਉਣ ਵਿੱਚ ਵਿਸ਼ੇਸ਼ ਭੂਮਿਕਾ ਨਿਭਾਉਦੇ ਰਹੇ ਹਨ, ਇਸ ਵਾਰੀ ਬਾਦਲ ਵਿਰੋਧੀ ਲਾਬੀ ਵਿੱਚ ਖੜੇ ਹਨ। ਭਾਈ ਰੋਡੇ ਸੰਤ ਬਲਬੀਰ ਸਿੰਘ ਘੁੰਨਸ ਨੂੰ ਜਿਤਾਉਣ ਵਿੱਚ ਵਿਸ਼ੇਸ਼ ਭੁਮਿਕਾ ਨਿਭਾਉਣਗੇ। ਇਸ ਸਮੇ ਮਿੱਠੂ ਸਿੰਘ ਕਾਹਨੇਕੇ, ਚਰਨਜੀਤ ਸਿੰਘ ਜੱਸੋਵਾਲ, ਭਾਈ ਮੋਹਕਮ ਸਿੰਘ, ਸਤਨਾਮ ਸਿੰਘ ਮਨਾਵਾਂ, ਮਨਜੀਤ ਸਿੰਘ ਭੋਮਾ ਤੋਂ ਇਲਾਵਾ ਹੋਰ ਵੀ ਕਈ ਸੰਯੁਕਤ ਅਕਾਲੀ ਦਲ ਦੇ ਵਰਕਰ ਹਾਜ਼ਰ ਸਨ। ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਬਾਦਲ ਸਮਰਥਕ ਮੈਂਬਰਾਂ ਦੀ ਮੀਟਿੰਗ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਹੋਈ, ਜਿਸ ਵਿੱਚ ਕਰੀਬ 80 ਮੈਂਬਰਾਂ ਨੇ ਭਾਗ ਲਿਆ ਤੇ ਮੌਜੂਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਨਾਂਅ ਦਾ ਐਲਾਨ ਕਰ ਦਿੱਤਾ, ਜਿਸ ਬਾਰੇ ਪਹਿਲਾਂ ਵੀ ਸਪੱਸ਼ਟ ਸੀ। ਧਾਮੀ ਪਹਿਲੀ ਵਾਰ ਉਸ ਵੇਲੇ ਪ੍ਰਧਾਨ ਬਣਦੇ-ਬਣਦੇ ਰਹਿ ਗਏ ਸਨ, ਜਦੋਂ ਆਖਰੀ ਮੌਕੇ ’ਤੇ ਆ ਕੇ ਬੀਬੀ ਜਗੀਰ ਕੌਰ ਨੇ ਸੁਖਬੀਰ ਸਿੰਘ ਬਾਦਲ ਨੂੰ ਇਹ ਕਹਿ ਦਿੱਤਾ ਸੀ ਕਿ ਜੇਕਰ ਉਹਨਾ ਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਨਹੀਂ ਬਣਾਉਣਾ ਤਾਂ ਉਹ ਇਸਤਰੀ ਅਕਾਲੀ ਦਲ ਤੋਂ ਵੀ ਅਸਤੀਫਾ ਦਿੰਦੇ ਹਨ। ਸੁਖਬੀਰ ਸਿੰਘ ਬਾਦਲ ਧਰਮ ਸੰਕਟ ਵਿੱਚ ਫਸ ਗਏ ਤਾਂ ਉਸ ਸਮੇਂ ਸਿੱਖ ਸਿਆਸਤ ਦੇ ਬਾਬਾ ਬੋਹੜ ਪ੍ਰਕਾਸ਼ ਸਿੰਘ ਬਾਦਲ ਦੀ ਰਾਏ ਕੰਮ ਆਈ ਤਾਂ ਉਹਨਾ ਬੀਬੀ ਜਗੀਰ ਕੌਰ ਨੂੰ ਪ੍ਰਧਾਨ ਬਣਾਉਣ ਦਾ ਆਦੇਸ਼ ਜਾਰੀ ਕਰ ਦਿੱਤਾ, ਜਿਸ ਕਰਕੇ ਧਾਮੀ ਪ੍ਰਧਾਨ ਬਣਨ ਤੋਂ ਰਹਿ ਗਏ ਸਨ। ਸੁਖਬੀਰ ਬਾਦਲ ਨੇ ਧਾਮੀ ਨੂੰ ਖੁਸ਼ ਕਰਨ ਲਈ ਸ਼੍ਰੋਮਣੀ ਕਮੇਟੀ ਵਿੱਚ ਪਹਿਲੀ ਵਾਰ ਮੈਂਬਰ ਮੁੱਖ ਸਕੱਤਰ ਲਗਾ ਦਿੱਤਾ, ਜਿਹੜਾ ਬੀਬੀ ਜਗੀਰ ਕੌਰ ਦੇ ਪਰ ਕੱਟਣ ਦੇ ਤੁਲ ਸੀ। ਉਸ ਤੋਂ ਬਾਅਦ ਦੋ ਵਾਰੀ ਲਗਾਤਾਰ ਧਾਮੀ ਪ੍ਰਧਾਨ ਬਣਦੇ ਆ ਰਹੇ ਹਨ ਤੇ ਇਹ ਤੀਸਰੀ ਵਾਰੀ ਹੈ ਕਿ ਧਾਮੀ ਦਾ ਨਾਂਅ ਅੱਗੇ ਆਇਆ ਹੈ। ਜ਼ਿਕਰਯੋਗ ਹੈ ਕਿ ਧਾਮੀ ਦਾ ਪ੍ਰਧਾਨ ਬਣਨਾ ਲੱਗਭੱਗ ਤੈਅ ਹੈ।

LEAVE A REPLY

Please enter your comment!
Please enter your name here