ਪਟਨਾ : ਨਿਤਿਸ਼ ਸਰਕਾਰ ਨੇ ਬਿਹਾਰ ਵਿਧਾਨ ਸਭਾ ’ਚ ਜਾਤੀ ਅਤੇ ਆਰਥਿਕ ਸਰਵੇ ਦੀ ਰਿਪੋਰਟ ਪੇਸ਼ ਕਰ ਦਿੱਤੀ ਹੈ। ਮੁੱਖ ਮੰਤਰੀ ਨਿਤਿਸ਼ ਕੁਮਾਰ ਦੀ ਸਰਕਾਰ ਨੇ ਬਿਹਾਰ ਵਿਧਾਨਮੰਡਲ ਦੇ ਸਰਦ ਰੁੱਤ ਸੈਸ਼ਨ ’ਚ ਇਹ ਰਿਪੋਰਟ ਪੇਸ਼ ਕੀਤੀ। ਇਸ ਰਿਪੋਰਟ ’ਚ ਦੱਸਿਆ ਗਿਆ ਕਿ ਸੂਬੇ ’ਚ 2 ਕਰੋੜ 76 ਲੱਖ 68 ਹਜ਼ਾਰ 930 ਪਰਵਾਰਾਂ ’ਚੋਂ 34.13 ਫੀਸਦੀ, ਮਤਲਬ 94 ਲੱਖ 42 ਹਜ਼ਾਰ 786 ਪਰਵਾਰ ਗਰੀਬ ਹਨ। ਇਸ ਰਿਪੋਰਟ ਮੁਤਾਬਿਕ ਸੂਬੇ ਦੀ ਕਰੀਬ ਇੱਕ ਤਿਹਾਈ ਆਬਾਦੀ ਗਰੀਬ ਹੈ। ਸੂਬੇ ਦੇ 34.13 ਫੀਸਦੀ ਪਰਵਾਰਾਂ ਦੀ ਮਹੀਨਾ ਇਨਕਮ ਸਿਰਫ਼ 6 ਹਜ਼ਾਰ ਰੁਪਏ ਹੈ। ਸਰਕਾਰ ਨੇ ਇਨ੍ਹਾ ਨੂੰ ਗਰੀਬੀ ਸ਼੍ਰੇਣੀ ’ਚ ਰੱਖਿਆ ਹੈ। ਐੱਸ ਟੀ ਵਰਗ ’ਚ ਆਉਣ ਵਾਲੀ ਮੁਸਹਾਰ ਭੂਈਆ ਵਰਗੀਆਂ ਜਾਤੀਆਂ ’ਚ ਗਰੀਬਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ। ਇਸ ਭਾਈਚਾਰੇ ਦੇ 54 ਫੀਸਦੀ ਲੋਕ ਗਰੀਬੀ ’ਚ ਆਪਣਾ ਜੀਵਨ ਬਤੀਤ ਕਰ ਰਹੇ ਹਨ। ਹੁਣ ਅੱਤ ਪੱਛੜਾ ਵਰਗ ਦੀ ਗੱਲ ਕਰੀਏ ਤਾਂ ਇਸ ’ਚ ਸਭ ਤੋਂ ਜ਼ਿਆਦਾ 38 ਫੀਸਦੀ ਨਾਈ ਗਰੀਬ ਹਨ। ਦੂਜੇ ਨੰਬਰ ’ਤੇ ਨੋਨੀਆ ਹੈ, ਜਿਸ ’ਚ 35 ਫੀਸਦੀ ਲੋਕ ਗਰੀਬ ਹਨ। ਇਸ ਤੋਂ ਇਲਾਵਾ ਕਹਾਰ, ਧਾਨੁਕ ਅਤੇ ਮਲਾਹ ਭਾਈਚਾਰੇ ਦੀ ਵੀ 34 ਫੀਸਦੀ ਆਬਾਦੀ ਗਰੀਬ ਹੈ। 33 ਫੀਸਦੀ ਘੁਮਿਆਰ, 29.87 ਫੀਸਦੀ ਤੇਲੀ ਅਤੇ 33 ਫੀਸਦੀ ਦੇ ਕਰੀਬ ਕਾਨੂ ਵੀ ਗਰੀਬੀ ਰੇਖਾ ਤੋਂ ਥੱਲੇ ਜੀਵਨ ਬਤੀਤ ਕਰ ਰਹੇ ਹਨ। ਸੂਬੇ ’ਚ ਲੱਗਭੱਗ 64 ਪਰਵਾਰ ਹਰ ਮਹੀਨੇ 10 ਹਜ਼ਾਰ ਰੁਪਏ ਜਾਂ ਉਸ ਤੋਂ ਘੱਟ ’ਚ ਗੁਜ਼ਾਰਾ ਚਲਾ ਰਹੇ ਹਨ। ਮੰਗਲਵਾਰ ਸਰਕਾਰ ਨੇ ਜਾਤੀ ਦੇ ਨਾਲ ਹੀ ਆਰਥਿਕ ਅਧਾਰਿਤ ਗਣਨਾ ਦੇ ਅੰਕੜੇ ਵੀ ਜਾਰੀ ਕੀਤੇ। ਸਰਵੇ ਰਿਪੋਰਟ ਮੁਤਾਬਿਕ ਬਿਹਾਰ ’ਚ ਕੁੱਲ 2.76 ਕਰੋੜ ਪਰਵਾਰਾਂ ਦੀ ਗਿਣਤੀ ਹੋਈ ਹੈ। ਇਸ ’ਚੋਂ 94.42 ਲੱਖ ਮਤਲਬ 34.13 ਫੀਸਦੀ ਪਰਵਾਰ ਇਸ ਤਰ੍ਹਾਂ ਦੇ ਹਨ, ਜੋ ਬੜੀ ਮੁਸ਼ਕਲ ਨਾਲ ਆਪਣਾ ਜੀਵਨ ਕੱਟ ਰਹੇ ਹਨ। ਸਵਰਨਾ ’ਚ ਸਭ ਤੋਂ ਚੰਗੀ ਸਥਿਤੀ ਕਾਯਸਥੋਂ ਦੀ ਦੇਖੀ ਗਈ ਹੈ, ਜਿਨ੍ਹਾ ਦੀ ਸਿਰਫ਼ 13.83 ਫੀਸਦੀ ਆਬਾਦੀ ਹੀ ਗਰੀਬ ਹੈ। 25 ਫੀਸਦੀ ਬ੍ਰਾਹਮਣ ਪਰਵਾਰ ਗਰੀਬ ਹਨ, ਜਦਕਿ ਰਾਜਪੂਤਾਂ ’ਚ ਇਹ ਔਸਤ 23.89 ਫੀਸਦੀ ਹੈ। ਇਸ ਤੋਂ ਇਲਾਵਾ ਮੁਸਲਿਮ ਆਮ ਵਰਗ ’ਚ ਸ਼ਾਮਲ ਸ਼ੇਖ 25 ਫੀਸਦੀ ਗਰੀਬ ਹਨ, ਪਠਾਨਾਂ ’ਚ ਇਹ ਅੰਕੜਾ 22 ਫੀਸਦੀ ਹੈ। ਇਸ ਤੋਂ ਇਲਾਵਾ ਸੈਯਦ ਤਾਂ 17 ਫੀਸਦੀ ਹੀ ਗਰੀਬ ਹਨ। ਸਭ ਤੋਂ ਗਰੀਬ ਭੂਮੀਹਾਰ ਜਾਤੀ ਤੋਂ ਹਨ। ਇੱਥੇ 27 ਫੀਸਦੀ ਲੋਕ ਗਰੀਬ ਹਨ। ਅਸਲ ’ਚ ਇਹ ਅੰਕੜਾ ਹੈਰਾਨ ਕਰਨ ਵਾਲਾ ਹੈ, ਕਿਉਂਕਿ ਬਿਹਾਰ ’ਚ ਭੂਮੀਹਾਰਾਂ ਨੂੰ ਤਾਕਤਵਰ ਜਾਤੀ ’ਚ ਸ਼ਾਮਲ ਕੀਤਾ ਜਾਂਦਾ ਹੈ।



