ਭਲਕੇ ਲਾਂਘੇ ਦੀ ਚੈੱਕ ਪੋਸਟ ਦੇ ਅੰਦਰ ਜਾਣ ਦੀ ਖੁੱਲ੍ਹ

0
321

ਡੇਰਾ ਬਾਬਾ ਨਾਨਕ : ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਪੰਜਵੀ ਵਰ੍ਹੇਗੰਢ ਵੀਰਵਾਰ ਲਾਂਘੇ ਉੱਪਰ ਲੈਂਡ ਪੋਰਟ ਅਥਾਰਟੀ, ਬੀ ਐੱਸ ਐੱਫ, ਸਥਾਨਕ ਲੋਕਾਂ ਅਤੇ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਸਾਂਝੇ ਤੌਰ ’ਤੇ ਮਨਾਈ ਗਈ। ਅਖੰਡ ਪਾਠ ਦੇ ਭੋਗ ਪਾਏ ਗਏ ਅਤੇ ਕੀਰਤਨ ਉਪਰੰਤ ਗੁਰੂ ਕੇ ਅਤੁੱਟ ਲੰਗਰ ਵੀ ਵਰਤਾਏ ਗਏ। ਲੈਂਡ ਪੋਰਟ ਅਥਾਰਟੀ ਦੇ ਜਨਰਲ ਮੈਨੇਜਰ ਟਿੱਕਾ ਰਾਮ ਨੇ ਦੱਸਿਆ ਕਿ ਦੀਵਾਲੀ ਤੋਂ ਇੱਕ ਦਿਨ ਪਹਿਲਾਂ 11 ਨਵੰਬਰ ਨੂੰ ਕਰਤਾਰਪੁਰ ਸਾਹਿਬ ਲਾਂਘਾ ਆਮ ਲੋਕਾਂ ਲਈ ਇੱਕ ਦਿਨ ਵਾਸਤੇ ਖੋਲ੍ਹਿਆ ਜਾ ਰਿਹਾ ਹੈ। ਜੋ ਸ਼ਰਧਾਲੂ ਕਿਸੇ ਕਾਰਨ ਪਾਕਿਸਤਾਨ ਨਹੀਂ ਜਾ ਸਕਦੇ, ਉਨ੍ਹਾਂ ਦੀ ਮੰਗ ਨੂੰ ਧਿਆਨ ’ਚ ਰੱਖ ਕੇ ਲੈਂਡ ਪੋਰਟ ਅਥਾਰਟੀ ਨੇ ਇਹ ਫੈਸਲਾ ਕੀਤਾ ਹੈ ਕਿ ਆਮ ਸ਼ਰਧਾਲੂਆਂ ਨੂੰ ਕਰਤਾਰਪੁਰ ਲਾਂਘੇ ਦੀ ਚੈੱਕ ਪੋਸਟ, ਜੋ ਬਹੁਤ ਹੀ ਸੁੰਦਰ ਤੇ ਆਧੁਨਿਕ ਬਣੀ ਹੋਈ ਹੈ, ਨੂੰ ਵੇਖਣ ਦਾ ਮੌਕਾ ਦਿੱਤਾ ਜਾਵੇਗਾ, ਜਿਸ ਲਈ 50 ਰੁਪਏ ਪ੍ਰਤੀ ਵਿਅਕਤੀ ਟਿਕਟ ਵੀ ਰੱਖੀ ਗਈ ਹੈ। ਕਰਤਾਰਪੁਰ ਲਾਂਘੇ ਨੂੰ ਨੇੜਿਓਂ ਵੇਖਣ ਲਈ ਸਵੇਰੇ 11 ਤੋਂ ਬਾਅਦ ਦੁਪਹਿਰ 3 ਵਜੇ ਤੱਕ ਦਾ ਸਮਾਂ ਰੱਖਿਆ ਗਿਆ ਹੈ। ਜੋ ਸ਼ਰਧਾਲੂ ਪਾਕਿਸਤਾਨ ਜਾਂਦੇ ਹਨ, ਉਨ੍ਹਾਂ ਨੂੰ ਕੋਈ ਮੁਸ਼ਕਿਲ ਨਾ ਆਵੇ, ਇਸ ਲਈ ਆਮ ਲੋਕਾਂ ਲਈ ਇਹ ਸਮਾਂ ਰੱਖਿਆ ਗਿਆ ਹੈ। ਇਸ ਤੋਂ ਪਹਿਲਾਂ ਸਿਰਫ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਨੂੰ ਲਾਂਘੇ ਦੇ ਅੰਦਰ ਦਾਖਲਾ ਮਿਲਦਾ ਹੈ ਅਤੇ ਆਮ ਲੋਕਾਂ ਨੂੰ ਲਾਂਘੇ ਦੇ ਨੇੜੇ ਜਾਣ ਦੀ ਆਗਿਆ ਨਹੀਂ ਹੁੰਦੀ। ਉਨ੍ਹਾਂ ਆਮ ਲੋਕਾਂ ਨੂੰ 11 ਤਰੀਕ ਨੂੰ ਲਾਂਘੇ ’ਤੇ ਆਉਣ ਦਾ ਸੱਦਾ ਦਿੱਤਾ ਹੈ।

LEAVE A REPLY

Please enter your comment!
Please enter your name here