ਨਵੀਂ ਦਿੱਲੀ : ਜੰਮੂ ‘ਚ ਕੌਮਾਂਤਰੀ ਸਰਹੱਦ ਨੇੜੇ ਬੁੱਧਵਾਰ ਰਾਤ ਪਾਕਿਸਤਾਨੀ ਰੇਂਜਰਾਂ ਦੀ ਗੋਲੀਬਾਰੀ ‘ਚ ਮਾਰਿਆ ਗਿਆ ਬੀ ਐੱਸ ਐੱਫ ਦਾ ਹੈੱਡ ਕਾਂਸਟੇਬਲ ਲਾਲ ਫਾਮ ਕੀਮਾ ਨਿਡਰ ਸਿਪਾਹੀ ਸੀ, ਜਿਸ ਨੇ ਇੱਕ ਵਾਰ ਕੰਟਰੋਲ ਰੇਖਾ ‘ਤੇ ਦਹਿਸ਼ਤਗਰਦਾਂ ਵਿਰੋਧੀ ਮੁਹਿੰਮ ਦੌਰਾਨ ਆਪਣੇ ਦਰਜਨਾਂ ਸਾਥੀਆਂ ਦੀ ਜਾਨ ਬਚਾਈ |
1998 ਦੀਆਂ ਸਰਦੀਆਂ ‘ਚ ਜੰਮੂ ਅਤੇ ਕਸ਼ਮੀਰ ‘ਚ ਅਪਰੇਸ਼ਨ ਦੌਰਾਨ ਕੀਮਾ ਨੇ ਗੂਲ ਪਿੰਡ ‘ਚ ਕੱਚੇ ਘਰ ‘ਚ ਲੁਕੇ ਦਹਿਸ਼ਤਗਰਦ ਨੂੰ ਮਾਰਨ ਲਈ ਆਪਣੀ ਲਾਈਟ ਮਸ਼ੀਨ ਗਨ (ਐੱਲ ਐੱਮ ਜੀ) ਖਾਲੀ ਕਰਨ ਦੌਰਾਨ ਉੱਚੀ ਆਵਾਜ਼ ‘ਚ ਕਿਹਾ ਸੀ ਕਿ ‘ਤੁਮ ਸਾਲਾ ਪਿੰਨ ਨਿਕਾਲੇਗਾ |’ ਅਸਲ ‘ਚ ਕਾਰਵਾਈ ‘ਚ ਤਿੰਨ ਦਹਿਸ਼ਤਗਰਦ ਮਾਰੇ ਗਏ ਸਨ ਤੇ ਜਦੋਂ ਜਵਾਨ ਘਰ ਅੰਦਰ ਦਾਖਲ ਹੋਏ ਤਾਂ ਸਹਿਕ ਰਹੇ ਦਹਿਸ਼ਤਗਰਦ ਨੇ ਬੰਬ ਦੀ ਪਿੰਨ ਕੱਢਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਦੇਖ ਕੇ ਕੀਮਾ ਨੇ ਇਹ ਲਫਜ਼ ਵਰਤਦਿਆਂ ਗੋਲੀਆਂ ਚਲਾਈਆਂ | ਇਸ ਨਾਲ ਦਹਿਸ਼ਤਗਰਦ ਮਾਰਿਆ ਗਿਆ ਤੇ ਕਈ ਜਵਾਨਾਂ ਦੀ ਜਾਨ ਬਚ ਗਈ |


