ਕੋਲਕਾਤਾ : ਪੱਛਮੀ ਬੰਗਾਲ ਦੇ ਦੱਖਣੀ 24 ਪਰਗਨਾ ਜ਼ਿਲ੍ਹੇ ’ਚ ਜੈਨਗਰ ਦੇ ਬਾਮੂਗਾਚੀ ’ਚ ਸੋਮਵਾਰ ਸਵੇਰੇ ਨਮਾਜ਼ ਲਈ ਜਾ ਰਹੇ ਤਿ੍ਰਣਮੂਲ ਕਾਂਗਰਸ ਦੇ ਇਲਾਕਾ ਪ੍ਰਧਾਨ ਸੈਫੂਦੀਨ ਲਸ਼ਕਰ (47) ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਉਸ ਦੇ ਸਾਥੀਆਂ ਨੇ ਦੋ ਹਮਲਾਵਰਾਂ ਨੂੰ ਫੜ ਕੇ ਇੱਕ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ, ਜਦਕਿ ਦੂਜੇ ਨੂੰ ਪੁਲਸ ਨੇ ਬਚਾਅ ਲਿਆ। ਤਿ੍ਰਣਮੂਲ ਹਮਾਇਤੀਆਂ ਨੇ ਘਟਨਾ ਦੇ ਬਾਅਦ ਨੇੜਲੇ ਪਿੰਡ ਦਲੂਆਖਾਲੀ ਵਿਚ ਪੁਲਸ ਦੀ ਮੌਜੂਦਗੀ ’ਚ ਮਾਰਕਸੀ ਪਾਰਟੀ ਦੇ ਹਮਾਇਤੀਆਂ ਦੇ ਘਰਾਂ ਨੂੰ ਅੱਗਾਂ ਲਾ ਦਿੱਤੀਆਂ। ਹੁਕਮਰਾਨ ਤਿ੍ਰਣਮੂਲ ਕਾਂਗਰਸ ਦਾ ਦੋਸ਼ ਹੈ ਕਿ ਸੈਫੂਦੀਨ ਨੂੰ ਮਾਰਕਸੀ ਪਾਰਟੀ ਤੇ ਭਾਜਪਾ ਦੇ ਗੁੰਡਿਆਂ ਨੇ ਮਾਰਿਆ। ਮਾਰਕਸੀ ਪਾਰਟੀ ਦੀ ਕੇਂਦਰੀ ਕਮੇਟੀ ਦੇ ਮੈਂਬਰ ਸੁਜਾਨ ਚੱਕਰਵਰਤੀ ਨੇ ਕਿਹਾ ਕਿ ਸੈਫੂਦੀਨ ਤਿ੍ਰਣਮੂਲ ਕਾਂਗਰਸ ਦੀ ਅੰਦਰੂਨੀ ਲੜਾਈ ਦਾ ਸ਼ਿਕਾਰ ਹੋਇਆ, ਪੁਲਸ ਨੂੰ ਇਸ ਦੀ ਜਾਂਚ ਕਰਨੀ ਚਾਹੀਦੀ ਹੈ। ਚੱਕਰਵਰਤੀ ਨੇ ਕਿਹਾ ਕਿ ਇਸ ਘਟਨਾ ਨੇ ਮਾਰਚ 2022 ਵਿਚ ਬੀਰਭੂਮ ਜ਼ਿਲ੍ਹੇ ਦੇ ਬੋਗਟੁਈ ’ਚ ਹੋਏ ਕਤਲੇਆਮ ਦੀ ਯਾਦ ਤਾਜ਼ਾ ਕਰ ਦਿੱਤੀ ਹੈ, ਜਦੋਂ ਤਿ੍ਰਣਮੂਲ ਕਾਂਗਰਸ ਦੇ ਆਗੂ ਭਾਦੂ ਸ਼ੇਖ ਦੀ ਹੱਤਿਆ ਦੇ ਬਾਅਦ ਅਗਜ਼ਨੀ ਤੇ ਹਿੰਸਾ ਵਿਚ 10 ਲੋਕ ਮਾਰੇ ਗਏ ਸਨ।


