ਆਈਜ਼ੋਲ : ਮਿਆਂਮਾਰ ਦੇ ਚਿਨ ਸੂਬੇ ’ਚ ਫੌਜ ਦੇ ਹਵਾਈ ਹਮਲੇ ਅਤੇ ਭਾਰੀ ਗੋਲੀਬਾਰੀ ਕਾਰਨ ਮਿਜ਼ੋਰਮ ’ਚ 2000 ਤੋਂ ਵੱਧ ਲੋਕ ਦਾਖਲ ਹੋ ਗਏ ਹਨ। ਇਹ ਸਾਰੇ ਲੋਕ ਪਿਛਲੇ 24 ਘੰਟਿਆਂ ’ਚ ਸਰਹੱਦ ਪਾਰ ਕਰਕੇ ਮਿਜ਼ੋਰਮ ਵਿੱਚ ਦਾਖਲ ਹੋਏ। ਚਮਫਾਈ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਜੇਮਸ ਲਾਲਰਿਚਨ ਨੇ ਦੱਸਿਆ ਕਿ ਇਹ ਸਾਰੇ ਲੋਕ ਚਮਫਾਈ ਜ਼ਿਲ੍ਹੇ ’ਚ ਦਾਖਲ ਹੋਏ ਹਨ ਅਤੇ ਇਲਾਜ ਲਈ ਹਸਪਤਾਲ ’ਚ ਦਾਖਲ ਹਨ।
ਮਿਆਂਮਾਰ ਦੀ ਫੌਜ ਅਤੇ ਮਿਲੀਸ਼ੀਆ ਸਮੂਹ ਪੀਪਲਜ਼ ਡਿਫੈਂਸ ਫੋਰਸ (ਪੀ ਡੀ ਐੱਫ) ਵਿਚਕਾਰ ਭਿਆਨਕ ਗੋਲੀਬਾਰੀ ਹੋਈ। ਲੜਾਈ ਉਦੋਂ ਸ਼ੁਰੂ ਹੋਈ ਜਦੋਂ ਪੀ ਡੀ ਐੱਫ ਨੇ ਮਿਆਂਮਾਰ ਦੇ ਚਿਨ ਰਾਜ ’ਚ ਖਾਵਮਾਵੀ ਅਤੇ ਰਿਖਾਵਦਰ ’ਚ ਦੋ ਫੌਜੀ ਠਿਕਾਣਿਆਂ ’ਤੇ ਹਮਲਾ ਕੀਤਾ। ਮਿਆਂਮਾਰ ਦੇ ਰਿਖਾਵਦਾਰ ਫੌਜੀ ਅੱਡੇ ਨੂੰ ਸੋਮਵਾਰ ਤੜਕੇ ਪੀਪਲਜ਼ ਡਿਫੈਂਸ ਫੋਰਸ ਨੇ ਆਪਣੇ ਕਬਜ਼ੇ ਵਿਚ ਲੈ ਲਿਆ ਸੀ ਅਤੇ ਖਾਵਮਾਵੀ ਫੌਜੀ ਅੱਡੇ ਨੂੰ ਵੀ ਦੁਪਹਿਰ ਤੱਕ ਕੰਟਰੋਲ ’ਚ ਕਰ ਲਿਆ ਗਿਆ ਸੀ। ਮਿਜ਼ੋਰਮ ’ਚ ਤੀਹ ਹਜ਼ਾਰ ਤੋਂ ਵੱਧ ਮਿਆਂਮਾਰ ਦੇ ਨਾਗਰਿਕ ਮੌਜੂਦ ਹਨ। ਜ਼ਿਆਦਾ ਸ਼ਰਨਾਰਥੀ ਕੈਂਪਾਂ ਵਿੱਚ ਰਹਿ ਰਹੇ ਹਨ। ਪੀਪਲਜ਼ ਡਿਫੈਂਸ ਫੋਰਸ ਨੇ ਮਿਆਂਮਾਰ ਵਿੱਚ ਫੌਜੀ ਰਾਜ ਦੇ ਖਿਲਾਫ ਜੰਗ ਛੇੜੀ ਹੋਈ ਹੈ। ਇਹ ਰਾਸ਼ਟਰੀ ਏਕਤਾ ਸਰਕਾਰ ਦਾ ਹਥਿਆਰਬੰਦ ਵਿੰਗ ਹੈ। ਪੀ ਡੀ ਐੱਫ 1 ਫਰਵਰੀ 2021 ਨੂੰ ਹੋਏ ਫੌਜੀ ਤਖਤਾਪਲਟ ਦੇ ਜਵਾਬ ’ਚ ਬਣਾਈ ਗਈ ਹੈ। ਇਸ ਸੰਗਠਨ ਦਾ ਉਦੇਸ਼ ਫੌਜੀ ਤਾਕਤ ਨਾਲ ਲੜਦੇ ਹੋਏ ਦੁਬਾਰਾ ਚੁਣੀ ਗਈ ਸਰਕਾਰ ਰਾਹੀਂ ਮਿਆਂਮਾਰ ’ਚ ਲੋਕਤੰਤਰ ਦੀ ਸਥਾਪਨਾ ਕਰਨਾ ਹੈ।




