ਸਾਨੂੰ ਇੱਕ ਮੌਕਾ ਦਿਓ, ਦੂਜੀਆਂ ਪਾਰਟੀਆਂ ਨੂੰ ਭੁੱਲ ਜਾਓਗੇ : ਮਾਨ

0
232

ਭੂਪਾਲ : ਮੱਧ ਪ੍ਰਦੇਸ਼ ’ਚ ਚੋਣ ਪ੍ਰਚਾਰ ਦੌਰਾਨ ਮੰਗਲਵਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਟੰਗੀ ਪਹੁੰਚੇ। ਜਿੱਥੇ ਉਨ੍ਹਾ ਰੋਡ ਸ਼ੋਅ ਕੀਤਾ ਅਤੇ ਲੋਕਾਂ ਨੂੰ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ।
ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ‘ਆਪ’ ਆਗੂ ਨੇ ਕਿਹਾ ਕਿ ਇਹ ਭਾਰੀ ਭੀੜ ਮੱਧ ਪ੍ਰਦੇਸ਼ ’ਚ ਬਦਲਾਅ ਦੀ ਨਿਸ਼ਾਨੀ ਹੈ। ਲਗਭਗ ਦੋ ਸਾਲ ਪਹਿਲਾਂ ਪੰਜਾਬੀ ਵੀ ਸਾਡੀਆਂ ਰੈਲੀਆਂ/ ਰੋਡ ਸ਼ੋਆਂ ’ਚ ਇਸੇ ਤਰ੍ਹਾਂ ਉਤਸ਼ਾਹ ਨਾਲ ਇਕੱਠੇ ਹੁੰਦੇ ਸਨ ਅਤੇ ਅਸੀਂ 117 ਵਿਧਾਨ ਸਭਾ ਸੀਟਾਂ ’ਚੋਂ 92 ’ਤੇ ਜਿੱਤ ਪ੍ਰਾਪਤ ਕੀਤੀ ਸੀ।
ਮਾਨ ਨੇ ਭਾਜਪਾ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਹ ਧਰਮ, ਜਾਤ ਅਤੇ ਧਰੁਵੀਕਰਨ ਦੀ ਰਾਜਨੀਤੀ ਕਰਦੇ ਹਨ, ਪਰ ਅਸੀਂ ਕੰਮ ਕਰਦੇ ਹਾਂ। ਅਸੀਂ ਸਰਵੇਖਣਾਂ ਵਿੱਚ ਨਹੀਂ ਆਉਂਦੇ, ਅਸੀਂ ਸਿੱਧੇ ਸਰਕਾਰ ਬਣਾਉਂਦੇ ਹਾਂ। ਦਿੱਲੀ ਵਿੱਚ ਅਸੀਂ 70 ਵਿੱਚੋਂ 67 ਵਿਧਾਨ ਸਭਾ ਸੀਟਾਂ ਜਿੱਤੀਆਂ ਅਤੇ ਪੰਜਾਬ ਵਿੱਚ ਸਾਨੂੰ 117 ਵਿਧਾਨ ਸਭਾ ਸੀਟਾਂ ਵਿੱਚੋਂ 92 ਸੀਟਾਂ ਮਿਲੀਆਂ, ਜਦੋਂ ਕਿ ਕਿਸੇ ਸਰਵੇਖਣ ਵਿੱਚ ਇਹ ਨਹੀਂ ਦਿਖਾਇਆ ਗਿਆ ਕਿ ਅਸੀਂ ਉਨ੍ਹਾਂ ਰਾਜਾਂ ਵਿੱਚ ਸਰਕਾਰ ਬਣਾਵਾਂਗੇ।
ਉਹਨਾ ਲੋਕਾਂ ਨੂੰ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਇਕ ਮੌਕਾ ‘ਆਪ’ ਨੂੰ ਦਿਓ, ਤੁਸੀਂ ਹੋਰ ਸਿਆਸੀ ਪਾਰਟੀਆਂ ਨੂੰ ਭੁੱਲ ਜਾਓਗੇ। ਮੱਧ ਪ੍ਰਦੇਸ਼ ਕੋਲ ਸਭ ਕੁਝ ਹੈ, ਕੁਦਰਤੀ ਅਤੇ ਹੋਰ ਸਾਧਨ ਹਨ, ਪਰ ਉਨ੍ਹਾਂ ਕੋਲ ਇਮਾਨਦਾਰ ਸਿਆਸਤਦਾਨ ਅਤੇ ਚੰਗੀ ਸਰਕਾਰ ਨਹੀਂ ਹੈ।
ਉਨ੍ਹਾ ਕਿਹਾ ਕਿ ਅਸੀਂ 15 ਲੱਖ ਵਾਂਗ ‘ਜੁਮਲੇ’ ਨਹੀਂ ਕਹਿੰਦੇ, ਅਸੀਂ ਜੋ ਵਾਅਦਾ ਕਰਦੇ ਹਾਂ, ਉਹ ਪੂਰਾ ਕਰਦੇ ਹਾਂ। ਆਪ ਦੀ ਸਰਕਾਰ ਬਣਨ ਤੋਂ ਬਾਅਦ ਤੁਹਾਡੇ ਬੱਚਿਆਂ ਦੀ ਸਿੱਖਿਆ ਸਾਡੀ ਜ਼ਿੰਮੇਵਾਰੀ ਹੋਵੇਗੀ, ਮਿਆਰੀ ਇਲਾਜ ਸਾਡੀ ਜ਼ਿੰਮੇਵਾਰੀ ਹੋਵੇਗੀ, ਬਿਜਲੀ ਅਤੇ ਸਾਫ ਪਾਣੀ ਦੀ ਉਪਲੱਬਧਤਾ ਸਾਡੀ ਜ਼ਿੰਮੇਵਾਰੀ ਹੋਵੇਗੀ, ਕਿਸਾਨਾਂ ਦੀ ਭਲਾਈ ਅਤੇ ਨੌਜਵਾਨਾਂ ਲਈ ਨੌਕਰੀਆਂ ਸਾਡੀ ਜ਼ਿੰਮੇਵਾਰੀ ਹੋਵੇਗੀ।

LEAVE A REPLY

Please enter your comment!
Please enter your name here