28.6 C
Jalandhar
Friday, October 18, 2024
spot_img

ਮਨਪ੍ਰੀਤ ਹਮਾਇਤੀ ਬਠਿੰਡਾ ਦੀ ਮੇਅਰ ਖਿਲਾਫ ਬੇਵਿਸਾਹੀ ਮਤਾ ਪਾਸ

ਬਠਿੰਡਾ : ਸ਼ਹਿਰ ਦੀ ਮੇਅਰ ਰਮਨ ਗੋਇਲ ਨੂੰ ਅਹੁਦੇ ਤੋਂ ਹਟਾਉਣ ਲਈ ਕਾਂਗਰਸੀ ਕੌਂਸਲਰਾਂ ਵੱਲੋਂ ਦਿੱਤਾ ਬੇਵਿਸਾਹੀ ਮਤਾ ਪਾਸ ਹੋ ਗਿਆ। ਅਕਾਲੀ ਦਲ ’ਚ ਫੁੱਟ ਪੈਣ ਕਰਕੇ ਮਿਲਿਆ ਤਿੰਨ ਅਕਾਲੀ ਕੌਂਸਲਰਾਂ ਦਾ ਸਾਥ ਕਾਂਗਰਸ ਦੀ ਵੱਡੀ ਜਿੱਤ ਲਈ ਰਾਹ ਪੱਧਰਾ ਕਰਨ ’ਚ ਸਹਾਈ ਹੋਇਆ। ਬੁੱਧਵਾਰ ਦੀ ਮੀਟਿੰਗ ’ਚ ਮੇਅਰ ਰਮਨ ਗੋਇਲ ਧੜਾ ਗੈਰਹਾਜ਼ਰ ਰਿਹਾ। ਜਦੋਂ ਮੇਅਰ ਦੇ ਪਤੀ ਸੰਦੀਪ ਗੋਇਲ ਮੀਡੀਆ ਕੋਲ ਜੇਤੂ ਰਹਿਣ ਦਾ ਦਾਅਵਾ ਕਰ ਰਹੇ ਸਨ ਤਾਂ ਅੰਦਰ ਮੇਅਰ ਨੂੰ ਹਟਾਇਆ ਜਾ ਚੁੱਕਾ ਸੀ। ਰਮਨ ਗੋਇਲ ਨਗਰ ਨਿਗਮ ਦੀ ਬਣਨ ਅਤੇ ਇਸ ਤਰ੍ਹਾਂ ਹਟਾਏ ਜਾਣ ਵਾਲੀ ਪਹਿਲੀ ਮਹਿਲਾ ਮੇਅਰ ਬਣ ਗਈ ਹੈ। ਰਮਨ ਗੋਇਲ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਹਮਾਇਤ ਨਾਲ ਮੇਅਰ ਬਣੀ ਸੀ। ਮਨਪ੍ਰੀਤ ਕਾਂਗਰਸ ਛੱਡ ਕੇ ਭਾਜਪਾ ਵਿਚ ਚਲੇ ਗਏ ਸਨ। ਮੀਟਿੰਗ ’ਚ ਸ਼ਹਿਰੀ ਹਲਕੇ ਤੋਂ ‘ਆਪ’ ਵਿਧਾਇਕ ਜਗਰੂਪ ਸਿੰਘ ਗਿੱਲ ਤੋਂ ਇਲਾਵਾ ਕਾਂਗਰਸ ਦੇ 27 ਅਤੇ ਅਕਾਲੀ ਦਲ ਦੇ 3 ਅਤੇ ਆਮ ਆਦਮੀ ਪਾਰਟੀ ਦੇ ਇਕਲੌਤੇ ਕੌਂਸਲਰ ਸੁਖਦੀਪ ਸਿੰਘ ਢਿੱਲੋਂ ਸਮੇਤ ਕੁੱਲ 31 ਕੌਂਸਲਰ ਹਾਜ਼ਰ ਸਨ। ਮਤੇ ਦੇ ਹੱਕ ’ਚ 30 ਵੋਟਾਂ ਪਈਆਂ ਜਦੋਂਕਿ ਵਿਧਾਇਕ ਅਤੇ ਆਪ ਕੌਂਸਲਰ ਸੁਖਦੀਪ ਸਿੰਘ ਢਿੱਲੋਂ ਨੇ ਖੁਦ ਨੂੰ ਨਿਰਪੱਖ ਰੱਖਿਆ। ਨਗਰ ਨਿਗਮ ’ਚ ਅਕਾਲੀ ਦਲ ਦੇ 7 ਕੌਂਸਲਰ ਹਨ ਜਿਨ੍ਹਾਂ ਚੋਂ 4 ਨੇ ਮੀਟਿੰਗ ਵਿੱਚ ਭਾਗ ਨਹੀਂ ਲਿਆ। ਡਿਪਟੀ ਕਮਿਸ਼ਨਰ ਕਮ ਐਡੀਸ਼ਨਲ ਚਾਰਜ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਬਹੁਮਤ ਦੀ ਪਰਖ ਲਈ ਨਗਰ ਨਿਗਮ ਦੇ ਕੌਂਸਲਰਾਂ ਦੀ ਮੀਟਿੰਗ ਸੱਦੀ ਸੀ। ਕਾਂਗਰਸੀ ਕੌਂਸਲਰਾਂ ਨੇ 17 ਅਕਤੂਬਰ ਨੂੰ ਬੇਵਿਸਾਹੀ ਦਾ ਮਤਾ ਸੌਂਪ ਕੇ ਮੇਅਰ ਰਮਨ ਗੋਇਲ ਨੂੰ ਬਹੁਮਤ ਸਾਬਤ ਕਰਨ ਲਈ ਜਨਰਲ ਹਾਊਸ ਦੀ ਮੀਟਿੰਗ ਸੱਦਣ ਦੀ ਮੰਗ ਕੀਤੀ ਸੀ। ਡਿਪਟੀ ਕਮਿਸ਼ਨਰ ਤੈਅ ਸਮੇਂ ’ਤੇ ਨਗਰ ਨਿਗਮ ਦੇ ਮੀਟਿੰਗ ਹਾਲ ’ਚ ਪੁੱਜ ਗਏ ਸਨ। ਇਸ ਦੌਰਾਨ ਸ਼ਹਿਰੀ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਰਾਜਨ ਗਰਗ ਅਤੇ ਹੋਰ ਪਾਰਟੀ ਆਗੂਆਂ ਸਮੇਤ ਕਾਂਗਰਸੀ ਕੌਂਸਲਰ ਬੱਸ ’ਚ ਪੁੱਜੇ। ਰਾਜਨ ਗਰਗ ਅਤੇ ਕੌਂਸਲਰਾਂ ਨੇ ਟੇਢੇ ਢੰਗ ਨਾਲ ਜਿੱਤ ਦਾ ਦਾਅਵਾ ਵੀ ਕੀਤਾ। ਕਾਫੀ ਸਮਾਂ ਉਡੀਕਣ ਤੋਂ ਬਾਅਦ ਡਿਪਟੀ ਕਮਿਸ਼ਨਰ ਵੱਲੋਂ ਫੋਨ ਕਰਕੇ ਸੱਦਣ ਦੇ ਬਾਵਜੂਦ ਮੇਅਰ ਰਮਨ ਗੋਇਲ ਮੀਟਿੰਗ ’ਚ ਸ਼ਾਮਲ ਨਹੀਂ ਹੋਈ। ਇਸ ਮੌਕੇ ਡਿਪਟੀ ਕਮਿਸ਼ਨਰ ਦੀ ਮੌਜੂਦਗੀ ’ਚ 30 ਕੌਂਸਲਰਾਂ ਵੱਲੋਂ ਜ਼ੁਬਾਨੀ ਵੋਟਾਂ ਨਾਲ ਮਤਾ ਪਾਸ ਕਰ ਦਿੱਤਾ ਗਿਆ। ਬੇਵਿਸਾਹੀ ਦੇ ਮਤੇ ਨੂੰ ਰੱਦ ਕਰਵਾਉਣ ਲਈ ਸਿਰਫ 17 ਕੌਂਸਲਰਾਂ ਦੇ ਸਾਥ ਦੀ ਲੋੜ ਸੀ ਪਰ ਮੇਅਰ ਧੜੇ ਦੇ ਹਮਾਇਤੀ ਕੌਂਸਲਰਾਂ ਦੀ ਗਿਣਤੀ ਤਕਰੀਬਨ ਇੱਕ ਦਰਜਨ ’ਤੇ ਸਿਮਟ ਕੇ ਰਹਿ ਗਈ। ਰਾਜਨ ਗਰਗ ਨੇ ਕਿਹਾ ਕਿ ਅਸਲ ’ਚ ਬਠਿੰਡਾ ਦਾ ਵਿਕਾਸ ਪੂਰੀ ਤਰ੍ਹਾਂ ਰੁਕ ਗਿਆ ਸੀ ਜਿਸ ਨੂੰ ਦੇਖਦਿਆਂ ਕਾਂਗਰਸ ਪਾਰਟੀ ਦੇ ਕੌਂਸਲਰਾਂ ਨੇ ਮੇਅਰ ਨੂੰ ਇਸ ਤਰਫ ਧਿਆਨ ਦੇਣ ਦੀ ਮੰਗ ਕੀਤੀ ਸੀ। ਉਨ੍ਹਾ ਦੱਸਿਆ ਕਿ ਜਦੋਂ ਮੇਅਰ ਨੇ ਸੁਣਵਾਈ ਨਾ ਕੀਤੀ ਤਾਂ ਮਜਬੂਰੀਵੱਸ ਬੇਵਿਸਾਹੀ ਮਤਾ ਲਿਆਉਣਾ ਪਿਆ। ਉਨ੍ਹਾ ਕਿਹਾ ਕਿ ਹੁਣ ਸਮੂਹ ਅਹੁਦੇਦਾਰਾਂ ਦੀ ਚੋਣ ਸਮੂਹ ਕੌਂਸਲਰਾਂ ਦੀ ਸਲਾਹ ਨਾਲ ਕੀਤੀ ਜਾਏਗੀ। ਉਨ੍ਹਾ ਇਸ ਮੌਕੇ ਕਾਂਗਰਸੀ ਅਤੇ ਅਕਾਲੀ ਕੌਂਸਲਰਾਂ ਦਾ ਧੰਨਵਾਦ ਵੀ ਕੀਤਾ। ਓਧਰ ਅਕਾਲੀ ਕੌਂਸਲਰ ਹਰਪਾਲ ਸਿੰਘ ਢਿੱਲੋਂ ਨੇ ਕਿਹਾ ਕਿ ਉਨ੍ਹਾ ਨੇ ਪਹਿਲਾਂ ਵੀ ਰਮਨ ਗੋਇਲ ਨੂੰ ਮੇਅਰ ਬਨਾਉਣ ਦੀ ਵਿਰੋਧਤਾ ਕੀਤੀ ਸੀ ਜਿਸ ਕਰਕੇ ਅੱਜ ਵੀ ਉਹ ਵਿਰੋਧ ’ਚ ਹੀ ਖਲੋਤੇ ਹਨ। ਵਿਧਾਇਕ ਜਗਰੂਪ ਗਿੱਲ ਨੇ ਕਿਹਾ ਕਿ ਅੱਜ ਦੀ ਮੀਟਿੰਗ ਨੇ ਸਾਫ ਕਰ ਦਿੱਤਾ ਹੈ ਕਿ ਅਕਾਲੀ ਦਲ ਅਤੇ ਕਾਂਗਰਸ ਆਪਸ ’ਚ ਰਲੇ ਹੋਏ ਹਨ। ਉਨ੍ਹਾ ਕਿਹਾ ਕਿ ਉਹ ਪਹਿਲਾਂ ਵੀ ਦੋਵਾਂ ਪਾਰਟੀਆਂ ਦੀਆਂ ਨੀਤੀਆਂ ਨਾਲ ਸਹਿਮਤ ਨਹੀਂ ਸਨ ਤੇ ਹੁਣ ਵੀ ਨਹੀਂ। ਉਨ੍ਹਾ ਕਿਹਾ ਕਿ ਅਸਲ ’ਚ ਇਨ੍ਹਾਂ ਨੂੰ ਆਪ ਦੀ ਚੜ੍ਹਤ ਦਾ ਫਿਕਰ ਲੱਗਿਆ ਹੋਇਆ ਹੈ ਜਿਸ ਕਰਕੇ ਇਹ ਦੋਵੇਂ ਲੋਕ ਸਭਾ ਚੋਣ ਵੀ ਇਕੱਠੇ ਹੋ ਕੇ ਲੜ ਸਕਦੇ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਹ ਅਗਲੇ ਫੈਸਲੇ ਲਈ ਮੀਟਿੰਗ ਦੀ ਕਾਰਵਾਈ ਸਰਕਾਰ ਨੂੰ ਭੇਜ ਦੇਣਗੇ। ਓਧਰ ਮੀਟਿੰਗ ਦੇ ਮੱਦੇਨਜ਼ਰ ਜਿਲ੍ਹਾ ਪੁਲਸ ਵੱਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਸਨ। ਸਿਰਫ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਲਈ ਫਾਰਮ ਜਮ੍ਹਾਂ ਕਰਵਾਉਣ ਵਾਲਿਆਂ ਨੂੰ ਪੂਰੀ ਤਸੱਲੀ ਉਪਰੰਤ ਹੀ ਲੰਘਣ ਦਿੱਤਾ ਜਾ ਰਿਹਾ ਸੀ।

Related Articles

LEAVE A REPLY

Please enter your comment!
Please enter your name here

Latest Articles