35.2 C
Jalandhar
Friday, October 18, 2024
spot_img

ਪ੍ਰਧਾਨ ਮੰਤਰੀ ਦੀ ਬਦਜ਼ੁਬਾਨੀ

ਕਿਸੇ ਵੀ ਦੇਸ਼ ਦੇ ਮੁਖੀ ਦੇ ਮੁੱਖੋਂ ਨਿਕਲੇ ਸ਼ਬਦ ਵਿਸ਼ੇਸ਼ ਮਹੱਤਤਾ ਰੱਖਦੇ ਹਨ। ਅਸਲ ਵਿੱਚ ਉਹ ਸ਼ਬਦ ਸਮੁੱਚੇ ਦੇਸ਼ ਦੀ ਪ੍ਰਤੀਨਿਧਤਾ ਕਰਦੇ ਹੁੰਦੇ ਹਨ। ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਸ਼ਬਦਾਂ ਦੀ ਮਰਿਆਦਾ ਦਾ ਘਾਣ ਹੁੰਦਾ ਰਿਹਾ ਹੈ। ਉਨ੍ਹਾ ਦੀ ਬੋਲਬਾਣੀ ਸਾਰੀਆਂ ਮਰਿਆਦਾਵਾਂ ਤੋੜਦੀ ਰਹੀ ਹੈ। ਹੁਣ ਇੱਕ ਵਾਰ ਫੇਰ ਉਨ੍ਹਾ ਨੇ ਅਜਿਹੇ ਸ਼ਬਦ ਉਚਾਰੇ ਹਨ, ਜਿਹੜੇ ਕਿਸੇ ਸੜਕਛਾਪ ਗੰਵਾਰ ਦੇ ਮੂੰਹੋਂ ਹੀ ਨਿਕਲ ਸਕਦੇ ਹਨ।
ਮੱਧ ਪ੍ਰਦੇਸ਼ ਦੀਆਂ ਚੋਣਾਂ ਦੌਰਾਨ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਨਰਿੰਦਰ ਮੋਦੀ ਨੇ ਰਾਹੁਲ ਗਾਂਧੀ ਨੂੰ ‘ਮੂਰਖਾਂ ਦਾ ਸਰਦਾਰ’ ਕਹਿ ਕੇ ਸੰਬੋਧਨ ਕੀਤਾ ਹੈ। ਉਨ੍ਹਾ ਰਾਹੁਲ ਗਾਂਧੀ ਦੇ ਇੱਕ ਬਿਆਨ ’ਤੇ ਟਿੱਪਣੀ ਕਰਦਿਆਂ ਇਨ੍ਹਾਂ ਸ਼ਬਦਾਂ ਦੀ ਵਰਤੋਂ ਕੀਤੀ। ਰਾਹੁਲ ਗਾਂਧੀ ਨੇ ਬੀਤੇ ਸੋਮਵਾਰ ਮੱਧ ਪ੍ਰਦੇਸ਼ ਵਿੱਚ ਇੱਕ ਰੈਲੀ ਦੌਰਾਨ ਕਿਹਾ ਸੀ ਕਿ ਲੋਕਾਂ ਦੀਆਂ ਜੇਬਾਂ ਵਿੱਚ ਚਾਈਨਾ ਮੇਡ ਮੋਬਾਇਲ ਹੈ, ਇਹ ਮੇਡ ਇਨ ਮੱਧ ਪ੍ਰਦੇਸ਼ ਹੋਣਾ ਚਾਹੀਦਾ ਹੈ। ਇਸ ਦੇ ਜਵਾਬ ਵਿੱਚ ਅਗਲੇ ਦਿਨ ਨਰਿੰਦਰ ਮੋਦੀ ਨੇ ਕਿਹਾ, ‘‘ਕਾਂਗਰਸ ਦੇ ਇੱਕ ‘ਮਹਾਂਗਿਆਨੀ’ ਨੇ ਕੱਲ੍ਹ ਕਿਹਾ ਕਿ ਭਾਰਤ ਦੇ ਲੋਕਾਂ ਕੋਲ ਮੇਡ ਇਨ ਚਾਈਨਾ ਮੋਬਾਇਲ ਹਨ। ਮੂਰਖਾਂ ਦੇ ਸਰਦਾਰ ਕਿਸ ਦੁਨੀਆ ਵਿੱਚ ਰਹਿੰਦੇ ਹਨ। ਉਸ ਨੂੰ ਆਪਣੇ ਦੇਸ਼ ਦੀ ਤਰੱਕੀ ਨਾ ਦੇਖਣ ਦੀ ਬਿਮਾਰੀ ਹੈ। ਭਾਰਤ ਦੁਨੀਆ ਵਿੱਚ ਮੋਬਾਇਲ ਫੋਨ ਦਾ ਦੂਜਾ ਸਭ ਤੋਂ ਵੱਡਾ ਨਿਰਮਾਤਾ ਹੈ। ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਵਿੱਚ ਹੋਰ ਵੀ ਕਈ ਗੱਲਾਂ ਕਹੀਆਂ, ਉਸ ਦਾ ਵੋਟਰਾਂ ’ਤੇ ਕੀ ਅਸਰ ਹੋਇਆ, ਇਸ ਦਾ ਨਤੀਜਾ ਤਾਂ 17 ਨਵੰਬਰ ਨੂੰ ਵੋਟਿੰਗ ਮਸ਼ੀਨਾਂ ਵਿੱਚ ਬੰਦ ਹੋ ਜਾਵੇਗਾ, ਇੱਥੇ ਅਸੀਂ ਉਨ੍ਹਾ ਦੀ ਬੋਲਬਾਣੀ ਦੀ ਗੱਲ ਕਰ ਰਹੇ ਹਾਂ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਸ ਦੀ ਪਾਰਟੀ ਸ਼ੁਰੂ ਤੋਂ ਹੀ ਰਾਹੁਲ ਗਾਂਧੀ ਤੇ ਹੋਰ ਕਾਂਗਰਸੀ ਆਗੂਆਂ ਦੀ ਛਵੀ ਖਰਾਬ ਕਰਨ ਲਈ ਨਵੇਂ ਤੋਂ ਨਵੇਂ ਸ਼ਬਦ ਘੜਦੀ ਰਹੀ ਹੈ। ਰਾਹੁਲ ਗਾਂਧੀ ਨੂੰ ‘ਪੱਪੂ’ ਸਾਬਤ ਕਰਨ ਲਈ ਭਾਜਪਾ ਨੇ ਅਰਬਾਂ ਰੁਪਏ ਮੀਡੀਆ ’ਤੇ ਖ਼ਰਚ ਕਰ ਦਿੱਤੇ ਸਨ। ਭਾਰਤ ਜੋੜੋ ਯਾਤਰਾ ਤੋਂ ਬਾਅਦ ਰਾਹੁਲ ਗਾਂਧੀ ਇੱਕ ਮਜ਼ਬੂਤ ਤੇ ਗੰਭੀਰ ਆਗੂ ਵਜੋਂ ਉੱਭਰੇ ਹਨ। ਇਹ ਗੱਲ ਮੋਦੀ ਤੇ ਉਸ ਦੀ ਪਾਰਟੀ ਦੇ ਆਗੂਆਂ ਨੂੰ ਰਾਤੀਂ ਸੌਣ ਨਹੀਂ ਦਿੰਦੀ। ਇਸ ਲਈ ਉਹ ਮੌਕੇ ਦੀ ਤਲਾਸ਼ ਵਿੱਚ ਰਹਿੰਦੇ ਹਨ, ਜਦੋਂ ਰਾਹੁਲ ਗਾਂਧੀ ਨੂੰ ਮੂਰਖ ਸਾਬਤ ਕਰ ਸਕਣ। ਇਸ ਦੇ ਬਾਵਜੂਦ ਪ੍ਰਧਾਨ ਮੰਤਰੀ ਦੇ ਜ਼ਿਹਨ ਵਿੱਚ ਰਾਹੁਲ ਗਾਂਧੀ ਦਾ ਭੈਅ ਏਨਾ ਘਰ ਕਰ ਚੁੱਕਾ ਹੈ ਕਿ ਉਹ ਉਸ ਦਾ ਨਾਂਅ ਲੈ ਤੋਂ ਕੰਨੀ ਕਤਰਾ ਜਾਂਦੇ ਹਨ।
ਪਿਛਲੇ ਸਤੰਬਰ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਬਾਰੇ ਉਨ੍ਹਾ ਕਿਹਾ ਸੀ ਕਿ ਕੁਝ ਕਾਂਗਰਸ ਆਗੂ ਤਾਂ ਮੂੰਹ ਵਿੱਚ ਚਾਂਦੀ ਦਾ ਚਮਚਾ ਲੈ ਕੇ ਪੈਦਾ ਹੋਏ ਹਨ। ਪ੍ਰਧਾਨ ਮੰਤਰੀ ਦੀ ਭਾਸ਼ਾ ਦੀਆਂ ਹੋਰ ਵੰਨਗੀਆਂ ਵੀ ਦੇਖੋ। ਦਸੰਬਰ 2018 ਵਿੱਚ ਜੈਪੁਰ ਵਿਖੇ ਹੋਈ ਰੈਲੀ ਵਿੱਚ ਪ੍ਰਧਾਨ ਮੰਤਰੀ ਨੇ ਸੋਨੀਆ ਗਾਂਧੀ ਬਾਰੇ ਕਿਹਾ ਸੀ, ‘‘ਉਹ ਕਾਂਗਰਸ ਦੀ ਕਿਹੜੀ ਵਿਧਵਾ ਸੀ, ਜਿਸ ਦੇ ਖਾਤੇ ਵਿੱਚ ਪੈਸੇ ਜਾਂਦੇ ਸਨ।’’
ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਬਾਰੇ ਉਨ੍ਹਾ ਟਿੱਪਣੀ ਕੀਤੀ ਸੀ, ‘‘ਮਨਮੋਹਨ ਸਿੰਘ ਬਾਥਰੂਮ ਵਿੱਚ ਵੀ ਰੇਨਕੋਟ ਪਾ ਕੇ ਨਹਾਉਂਦੇ ਹਨ।’’ ਇੱਕ ਬਜ਼ੁਰਗ ਵਿਅਕਤੀ ਤੇ ਦੁਨੀਆ ਭਰ ਵਿੱਚ ਸਤਿਕਾਰੇ ਜਾਂਦੇ ਵਿਅਕਤੀ ਲਈ ਇਸ ਤੋਂ ਭੱਦੀ ਭਾਸ਼ਾ ਕੀ ਹੋ ਸਕਦੀ ਹੈ। ਲਾਲੂ ਪ੍ਰਸਾਦ ਯਾਦਵ ਬਾਰੇ ਵੀ ਇੱਕ ਵਾਰ ਪ੍ਰਧਾਨ ਮੰਤਰੀ ਨੇ ਕਿਹਾ ਸੀ, ‘‘ਮੈਨੂੰ ਹੈਰਾਨੀ ਹੁੰਦੀ ਹੈ ਕਿ ਸ਼ੈਤਾਨ ਨੂੰ ਦਾਖ਼ਲ ਹੋਣ ਲਈ ਸਿਰਫ਼ ਉਸ ਦਾ ਹੀ ਸਰੀਰ ਮਿਲਿਆ। ਪੂਰੀ ਦੁਨੀਆ ਵਿੱਚ ਸ਼ੈਤਾਨ ਨੂੰ ਸਿਰਫ਼ ਲਾਲੂ ਦਾ ਹੀ ਪਤਾ ਮਿਲਿਆ।’’
ਪ੍ਰਧਾਨ ਮੰਤਰੀ ਦੀ ਬੋਲਬਾਣੀ ਦੇ ਜਵਾਬ ਵਿੱਚ ਇੱਕ ਵਾਰ ਰਾਹੁਲ ਗਾਂਧੀ ਨੇ ਕਿਹਾ ਸੀ, ‘‘ਭਾਜਪਾ ਵਾਲੇ ਉਸ ਦੇ ਵਿਰੁੱਧ ਗੰਦੀ ਤੋਂ ਗੰਦੀ ਭਾਸ਼ਾ ਬੋਲਦੇ ਹਨ। ਮੋਦੀ ਜੀ ਖੁਦ ਵੀ ਇਹ ਕਰਦੇ ਹਨ। ਪਰ ਮੈਂ ਪਹਿਲਾਂ ਵੀ ਕਿਹਾ ਸੀ ਤੇ ਹੁਣ ਵੀ ਕਹਿੰਦਾ ਹਾਂ ਕਿ ਉਹ ਹਿੰਦੋਸਤਾਨ ਦੇ ਪ੍ਰਧਾਨ ਮੰਤਰੀ ਹਨ। ਕਾਂਗਰਸ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਸਤਿਕਾਰ ਕਰਦੀ ਹੈ। ਇਸ ਅਹੁਦੇ ਦੀ ਸ਼ਾਨ ਨੂੰ ਚੋਟ ਪੁਚਾਉਣ ਵਾਲੀ ਭਾਸ਼ਾ ਦੀ ਵਰਤੋਂ ਕੋਈ ਕਾਂਗਰਸੀ ਨਹੀਂ ਕਰੇਗਾ।’’
ਅਸਲ ਵਿੱਚ ਇਸ ਵੇਲੇ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਨਰਿੰਦਰ ਨੂੰ ਪੂਰੀ ਟੱਕਰ ਦੇ ਰਹੇ ਹਨ। ਉਹ ਕੇਂਦਰ ਸਰਕਾਰ ਦੀਆਂ ਨੀਤੀਆਂ ਉੱਤੇ ਪੂਰੀ ਤਰ੍ਹਾਂ ਹਮਲਾਵਰ ਹਨ। ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਚੋਣਾਂ ਵਿੱਚ ਰਾਹੁਲ ਗਾਂਧੀ ਦਾ ਪ੍ਰਚਾਰ ਆਮ ਲੋਕਾਂ ਵਿੱਚ ਉਸ ਦੀ ਗਹਿਰ ਗੰਭੀਰ ਛਵੀ ਨੂੰ ਨਿਖਾਰ ਰਿਹਾ ਹੈ। ਇਨ੍ਹਾਂ ਦੋਹਾਂ ਰਾਜਾਂ ਵਿੱਚ ਭਾਜਪਾ ਦੀ ਹਾਲਤ ਠੀਕ ਨਹੀਂ ਲੱਗ ਰਹੀ। ਇਸੇ ਡਰ ਕਾਰਨ ਪ੍ਰਧਾਨ ਮੰਤਰੀ ਦੀ ਜ਼ੁਬਾਨ ਗੈਰ-ਮਰਿਆਦਤ ਹੋ ਰਹੀ ਹੈ।
-ਚੰਦ ਫਤਿਹਪੁਰੀ

Related Articles

LEAVE A REPLY

Please enter your comment!
Please enter your name here

Latest Articles