ਮਜ਼ਦੂਰ ਕੱਢਣ ਲਈ ਅਮਰੀਕੀ ਵਰਮੇ ਦੀ ਵਰਤੋਂ

0
203

ਉੱਤਰਕਾਸ਼ੀ : ਉੱਤਰਾਖੰਡ ਵਿਚ ਚਾਰ ਧਾਮ ਰੂਟ ’ਤੇ ਸੁਰੰਗ ਵਿਚ ਫਸੇ 40 ਮਜ਼ਦੂਰਾਂ ਨੂੰ ਕੱਢਣ ਲਈ ਹਵਾਈ ਫੌਜ ਵੱਲੋਂ ਦਿੱਲੀ ਤੋਂ ਲਿਆਂਦੀ ਡਿ੍ਰਲਿੰਗ ਮਸ਼ੀਨ ਨਾਲ ਮਲਬੇ ਵਿਚ ਛੇਕ ਪਾਉਣ ਦੀ ਕੋਸ਼ਿਸ਼ ਸ਼ੁਰੂ ਕੀਤੀ ਗਈ। ਅਮਰੀਕੀ ਬਰਮੇ ਵੱਲੋਂ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਸਿਲਕਿਆਰਾ ਸੁਰੰਗ ਦੇ ਮੂੰਹ ਕੋਲ ਪੂਜਾ ਕੀਤੀ। ਰੋਡ ਟਰਾਂਸਪੋਰਟ ਐਂਡ ਹਾਈਵੇਜ਼ ਦੇ ਕੇਂਦਰੀ ਰਾਜ ਮੰਤਰੀ ਵੀ ਕੇ ਸਿੰਘ ਵੀ ਮੌਕੇ ’ਤੇ ਮੌਜੂਦ ਸਨ।
ਮੁੱਖ ਮੰਤਰੀ ਪੁਸ਼ਕਰ ਧਾਮੀ ਨੇ ਦੇਹਰਾਦੂਨ ਵਿਚ ਪੱਤਰਕਾਰਾਂ ਨੂੰ ਦੱਸਿਆ ਕਿ ਨਵਾਂ ਬਰਮਾ 5-7 ਮੀਟਰ ਅੰਦਰ ਚਲੇ ਗਿਆ ਹੈ। ਉਹ ਇਕ ਘੰਟੇ ਵਿਚ 5-10 ਮੀਟਰ ਦੇ ਹਿਸਾਬ ਨਾਲ ਅੱਗੇ ਵਧੇਗਾ।
ਨਿਰਮਾਣ ਅਧੀਨ ਸੁਰੰਗ ਦਾ 30-40 ਮੀਟਰ ਹਿੱਸਾ ਐਤਵਾਰ ਡਿੱਗ ਗਿਆ ਸੀ। ਇਹ ਸਿਲਕਿਆਰਾ ਵਾਲੇ ਪਾਸਿਓਂ 270 ਮੀਟਰ ਦੂਰ ਹੈ। ਸੁਰੰਗ ਬਣਾ ਰਹੀ ਨਵਯੁਗ ਇੰਜੀਨੀਅਰਿੰਗ ਕੰਪਨੀ ਦੇ ਬੁਲਾਰੇ ਜੀ ਐੱਲ ਨਾਥ ਨੇ ਦੱਸਿਆ ਕਿ ਮਜ਼ਦੂਰ ਮਲਬੇ ਦੇ ਦੂਜੇ ਪਾਸੇ ਫਸੇ ਹੋਏ ਹਨ। ਉਹ ਸਲਾਮਤ ਹਨ ਤੇ ਉਨ੍ਹਾਂ ਨੂੰ ਪਾਈਪਾਂ ਨਾਲ ਆਕਸੀਜਨ, ਦਵਾਈਆਂ, ਖਾਣ ਵਾਲੀਆਂ ਚੀਜ਼ਾਂ ਤੇ ਪਾਣੀ ਘੱਲਿਆ ਜਾ ਰਿਹਾ ਹੈ। ਬਰਮੇ ਵੱਲੋਂ ਛੇਕ ਪਾਉਣ ਤੋਂ ਬਾਅਦ 800-900 ਮਿਲੀਮੀਟਰ ਡਾਇਆਮੀਟਰ ਦੇ ਸਟੀਲ ਦੇ ਪਾਈਪ ਵਾੜੇ ਜਾਣਗੇ, ਜਿਨ੍ਹਾਂ ਰਾਹੀਂ ਮਜ਼ਦੂਰ ਬਾਹਰ ਆ ਸਕਦੇ ਹਨ। ਫੌਰੀ ਡਾਕਟਰੀ ਰਾਹਤ ਦੇਣ ਲਈ ਸੁਰੰਗ ਦੇ ਬਾਹਰ ਛੇ ਬੈੱਡਾਂ ਅਤੇ 10 ਐਂਬਲੈਂਸਾਂ ਦਾ ਪ੍ਰਬੰਧ ਕੀਤਾ ਹੋਇਆ ਹੈ।
ਮੁੱਖ ਮੰਤਰੀ ਨੇ ਕਿਹਾ ਹੈ ਕਿ ਇਸ ਹਾਦਸੇ ਤੋਂ ਬਾਅਦ ਸੂਬੇ ਵਿਚ ਚੱਲ ਰਹੇ ਅਜਿਹੇ ਸਾਰੇ ਪ੍ਰੋਜੈਕਟਾਂ ’ਤੇ ਨਜ਼ਰਸਾਨੀ ਕੀਤੀ ਜਾਵੇਗੀ।

LEAVE A REPLY

Please enter your comment!
Please enter your name here