ਗਾਜ਼ਾ ਪੱਟੀ ’ਤੇ ਇਜ਼ਰਾਈਲੀ ਹਮਲੇ ਦੀਆਂ ਤਾਜ਼ਾ ਖ਼ਬਰਾਂ ਅਨੁਸਾਰ ਇਜ਼ਰਾਈਲੀ ਫੌਜ ਨੇ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਅਲ ਸ਼ਿਫਾ ’ਤੇ ਹਮਲਾ ਕਰ ਦਿੱਤਾ ਹੈ। ਹਾਲਾਂਕਿ ਹੁਣ ਤੱਕ ਨਾ ਤਾਂ ਹਸਪਤਾਲ ਹੇਠਾਂ ਕੋਈ ਸੁਰੰਗ ਮਿਲੀ ਹੈ ਤੇ ਨਾ ਹੀ ਬੰਧਕਾਂ ਨੂੰ ਉਥੇ ਰੱਖੇ ਜਾਣ ਦਾ ਸਬੂਤ।
ਇਸ ਦੌਰਾਨ ਸੰਯੁਕਤ ਰਾਸ਼ਟਰ ਵੱਲੋਂ ਇਸ ਹਮਲੇ ਬਾਰੇ ਸਖ਼ਤ ਪ੍ਰਤੀਕਿਰਿਆ ਪ੍ਰਗਟ ਕੀਤੀ ਗਈ ਹੈ। ਸੰਯੁਕਤ ਰਾਸ਼ਟਰ ਦੇ ਮਾਰਟਿਨ ਗਿ੍ਰਫਿਥਸ ਨੇ ਕਿਹਾ ਹੈ ਕਿ ਹਸਪਤਾਲ ਯੁੱਧ ਦੇ ਮੈਦਾਨ ਨਹੀਂ ਹਨ। ਇਜ਼ਰਾਈਲੀ ਹਮਲੇ ਤੋਂ ਉਹ ਹੈਰਾਨ ਹਨ।
ਹਸਪਤਾਲ ਦੇ ਡਾ. ਅਹਿਮਦ ਅਲ ਮੌਖਾਲਾਲਾਤੀ ਨੇ ਅਲ ਜਜ਼ੀਰਾ ਨੂੰ ਦੱਸਿਆ ਕਿ ਇਜ਼ਰਾਈਲੀ ਟੈਂਕ ਹਸਪਤਾਲ ਦੇ ਅੰਦਰ ਤੇ ਚਾਰੇ ਪਾਸੇ ਹਨ। ਹਮਲੇ ਹੋ ਰਹੇ ਹਨ ਤੇ ਗੋਲੀਆਂ ਚਲ ਰਹੀਆਂ ਹਨ। ਇਹ ਸਟਾਫ਼, ਮਰੀਜ਼ਾਂ ਦੇ ਪਰਵਾਰ ਤੇ ਮਰੀਜ਼ਾਂ ਲਈ ਬੇਹੱਦ ਡਰਾਉਣਾ ਸਮਾਂ ਹੈ। ਪਿਛਲੇ 6 ਦਿਨਾਂ ਤੋਂ ਨਾ ਖਾਣਾ ਹੈ, ਨਾ ਪਾਣੀ। ਹੁਣ ਇੱਥੇ ਕਿਸੇ ਵੀ ਚੀਜ਼ ਦੇ ਪਹੰੁਚਣ ਦੀ ਕੋਈ ਸੰਭਾਵਨਾ ਨਹੀਂ। ਹਸਪਤਾਲ ਦੇ ਆਕਸੀਜਨ ਸਟੇਸ਼ਨ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ। ਅਸੀਂ ਜੋ ਮਹਿਸੂਸ ਕਰ ਰਹੇ ਹਾਂ, ਉਹ ਅਚੰਭਾ ਹੈ। ਪੂਰੀ ਦੁਨੀਆ ਇਸ ਅਪਰਾਧ ਨੂੰ ਦੇਖ ਰਹੀ ਹੈ। ਕਿਸੇ ਨੇ ਵੀ ਰੋਕਣ ਦੀ ਜਾਂ ਇਹ ਕਹਿਣ ਦੀ ਕਿ ਇਸ ਦੀ ਇਜਾਜ਼ਤ ਨਹੀਂ, ਹਿੰਮਤ ਨਹੀਂ ਕੀਤੀ। ਕੌਮਾਂਤਰੀ ਭਾਈਚਾਰਾ ਕਿੱਥੇ ਹੈ? ਕੌਮਾਂਤਰੀ ਸੰਗਠਨ ਕਿੱਥੇ ਹਨ?
ਸਰਜਰੀ ਵਿਭਾਗ ਦੇ ਅੰਦਰ ਕਮਾਂਡੋਜ਼ ਨੇ ਸਭ ਪਾਰਟੀਸ਼ਨ ਤੋੜ ਦਿੱਤੇ ਹਨ। ਕਮਰਿਆਂ ਦੀਆਂ ਦੀਵਾਰਾਂ ਢਾਹੀਆਂ ਜਾ ਰਹੀਆਂ ਹਨ। ਗਾਜ਼ਾ ਸਰਕਾਰ ਨੇ ਇਜ਼ਰਾਈਲ ਨੂੰ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਮੈਡੀਕਲ ਸਟਾਫ਼ ਤੇ ਮਰੀਜ਼ਾਂ ਸਮੇਤ ਹਸਪਤਾਲ ਵਿੱਚ ਤਕਰੀਬਨ 9 ਹਜ਼ਾਰ ਲੋਕ ਹਨ। ਇਹ ਕਾਰਵਾਈ ਮਾਨਵਤਾ ਵਿਰੁੱਧ ਯੁੱਧ ਅਪਰਾਧ ਹੈ।
ਇਜ਼ਰਾਈਲ ਚਾਹੁੰਦਾ ਕੀ ਹੈ, ਇਹ ਉਸ ਦੇ ਪਹਿਲੇ ਬਿਆਨ ਤੋਂ ਹੀ ਸਾਫ਼ ਹੈ, ਜਿਸ ਵਿੱਚ ਉਸ ਨੇ ਕਿਹਾ ਸੀ ਕਿ ਉਸ ਦਾ ਮਕਸਦ ਉੱਤਰੀ ਗਾਜ਼ਾ ਉੱਤੇ ਕਬਜ਼ਾ ਹੈ। ਇਹ ਕੰਮ ਉਹ ਹੌਲੀ-ਹੌਲੀ ਕਰ ਰਿਹਾ ਹੈ, ਪਰ ਇਹ ਇਜ਼ਰਾਈਲ ਲਈ ਸੌਖਾ ਕੰਮ ਨਹੀਂ। ਇਹ ਯੁੱਧ ਹੈ। ਕੋਈ ਪਿਕਨਿਕ ਨਹੀਂ। ਹਮਾਸ ਮੁਕਾਬਲਾ ਕਰ ਰਿਹਾ ਹੈ, ਪਰ ਆਮ ਲੋਕ ਇਸ ਨਸਲਘਾਤੀ ਯੁੱਧ ਦੀ ਕੀਮਤ ਅਦਾ ਕਰ ਰਹੇ ਹਨ। ਇਹ ਸ਼ਬਦ ਦੋਹਾ ਇੰਸਟੀਚਿਊਟ ਫਾਰ ਗਰੈਜੂਏਟ ਸਟੱਡੀਜ਼ ਦੇ ਪ੍ਰੋਫ਼ੈਸਰ ਤਮਰ ਕਰਮਾਉਟ ਦੇ ਹਨ। ਉਨ੍ਹਾ ਕਿਹਾ ਕਿ ਅਮਰੀਕਾ ਇਜ਼ਰਾਈਲ ਨਾਲ ਮਿਲ ਕੇ ਗਲਤ ਮਾਹੌਲ ਪੈਦਾ ਕਰ ਰਿਹਾ ਹੈ।
ਇਸ ਸਮੇਂ ਦੁਨੀਆ ਭਰ ਵਿੱਚ ਇਜ਼ਰਾਈਲ ਵਿਰੁੱਧ ਗੁੱਸਾ ਭੜਕ ਰਿਹਾ ਹੈ। ਬਹਿਰੀਨ, ਛਾਡ, ਕੋਲੰਬੀਆ, ਚਿੱਲੀ, ਹਾਂਡੂਰਸ, ਜਾਰਡਨ ਤੇ ਤੁਰਕੀ ਨੇ ਆਪਣੇ ਰਾਜਦੂਤ ਵਾਪਸ ਬੁਲਾ ਲਏ ਹਨ। ਬੋਲੀਵੀਆ, ਬੇਲਾਈਜ਼ ਤੇ ਦੱਖਣੀ ਅਫ਼ਰੀਕਾ ਨੇ ਆਪਣੇ ਡਿਪਲੋਮੈਟਿਕ ਸੰਬੰਧ ਤੋੜ ਲਏ ਹਨ। ਫਲਸਤੀਨ ਦੇ ਰਾਸ਼ਟਰਪਤੀ ਮਹਿਮੂਦ ਅੱਬਾਸ ਨੇ ਕਿਹਾ ਹੈ ਕਿ ਉਹ ਗਾਜ਼ਾ ਤੇ ਵੈੱਸਟ ਬੈਂਕ ਵਿੱਚ ਇੱਕ ਖੁੱਲ੍ਹੇ ਨਸਲਘਾਤ ਵਾਲੇ ਯੁੱਧ ਦਾ ਸਾਹਮਣਾ ਕਰ ਰਹੇ ਹਨ।