ਬੁਢਲਾਡਾ (ਅਸ਼ੋਕ ਲਾਕੜਾ)-ਸਰਕਾਰ ਲੋਕਾਂ ਦੇ ਹਿੱਤਾਂ ਦਾ ਧਿਆਨ ਛੱਡ ਸਰਮਾਏਦਾਰ ਪੱਖੀ ਨੀਤੀਆਂ ਲਾਗੂ ਕਰ ਰਹੀ ਹੈ ਅਤੇ ਆਪਣੇ ਆਦਰਸ਼ਾਂ ਨੂੰ ਭੁੱਲ ਚੱੁਕੀ ਹੈ | ਉਕਤ ਸ਼ਬਦਾਂ ਦਾ ਪ੍ਰਗਟਾਵਾ ਸੀ ਪੀ ਆਈ ਦੇ ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਸਬ-ਡਵੀਜ਼ਨ ਬੁਢਲਾਡਾ ‘ਚ ਪਾਰਟੀ ਦੀ ਜਨਰਲ ਬਾਡੀ ਦੀ 25 ਨਵੰਬਰ ਨੂੰ ਫਰੀਦਕੋਟ ਰੈਲੀ ਦੀ ਤਿਆਰੀ ਸੰਬੰਧੀ ਮੀਟਿੰਗ ਵਿੱਚ ਸ਼ਾਮਲ ਸਾਥੀਆਂ ਨੂੰ ਸੰਬੋਧਨ ਕਰਦਿਆਂ ਕੀਤਾ | ਕਾਮਰੇਡ ਅਰਸ਼ੀ ਨੇ ਕਿਹਾ ਕਿ ਧਾਰਮਕ, ਜਾਤੀ ਵਿਤਕਰੇ ਦੇ ਸ਼ਿਕਾਰ ਮਜ਼ਦੂਰਾਂ ‘ਤੇ ਹੋ ਰਹੇ ਸਮਾਜਕ, ਰਾਜਨੀਤਕ ਅਤੇ ਆਰਥਕ ਹਮਲਿਆਂ ਨੂੰ ਰੋਕਣ ਲਈ ਮਜ਼ਦੂਰ ਜਮਾਤ ਦੀ ਲਾਮਬੰਦੀ ਸਮੇਂ ਦੀ ਮੁੱਖ ਲੋੜ ਹੈ | ਉਨ੍ਹਾ 8 ਘੰਟਿਆਂ ਤੋਂ 12 ਘੰਟੇ ਦਿਹਾੜੀ ਵਿੱਚ ਵਾਧੇ ਦੇ ਜਾਰੀ ਕੀਤੇ ਨੋਟੀਫਿਕੇਸ਼ਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਸ ਨਾਲ ਮਜ਼ਦੂਰ ਜਮਾਤ ਤੇ ਕਿਰਤੀ ਲੋਕਾਂ ਦੇ ਸ਼ੋਸ਼ਨ ਵਿੱਚ ਵਾਧਾ ਹੋਵੇਗਾ, ਜੋ ਕੇਵਲ ਸਰਮਾਏਦਾਰ ਘਰਾਣਿਆਂ ਤੇ ਵੱਡੇ ਕਾਰਖਾਨੇਦਾਰਾਂ ਨੂੰ ਲਾਭ ਪਹੰੁਚਾਏਗਾ | ਜਿਸ ਨੂੰ ਰੱਦ ਕਰਾਉਣ ਲਈ ਸੰਘਰਸ਼ ਨੂੰ ਹੋਰ ਤਿੱਖਾ ਕਰਨਾ ਹੋਵੇਗਾ | ਪੰਜਾਬ ਖੇਤ ਮਜ਼ਦੂਰ ਸਭਾ ਦੇ ਮੀਤ ਪ੍ਰਧਾਨ ਕਾਮਰੇਡ ਕਿ੍ਸ਼ਨ ਚੌਹਾਨ, ਜਥੇਬੰਦੀ ਦੇ ਜ਼ਿਲ੍ਹਾ ਜਨਰਲ ਸਕੱਤਰ ਸੀਤਾ ਰਾਮ ਗੋਬਿੰਦਪੁਰਾ ਨੇ 25 ਨਵੰਬਰ ਦੀ ਰੈਲੀ ਦੀ ਸਫਲਤਾ ਲਈ ਹਰ ਪੱਖ ਤੋਂ ਸਹਿਯੋਗ ਦੀ ਅਪੀਲ ਕੀਤੀ | ਸੀ ਪੀ ਆਈ ਸਬ-ਡਵੀਜ਼ਨ ਬੁਢਲਾਡਾ ਦੇ ਸਕੱਤਰ ਕਾਮਰੇਡ ਵੇਦ ਪ੍ਰਕਾਸ਼ ਬੁਢਲਾਡਾ ਨੇ ਵਿਸ਼ਵਾਸ ਦਿਵਾਇਆ ਤੇ ਕਿਹਾ ਕਿ ਸਬ- ਡਵੀਜ਼ਨ ‘ਚੋਂ 400 ਸਾਥੀਆਂ ਦਾ ਜਥਾ ਰੈਲੀ ‘ਚ ਸ਼ਾਮਲ ਹੋਵੇਗਾ | ਜਿਸ ਦੀ ਤਿਆਰੀ ਸੰਬੰਧੀ ਪਬਲਿਕ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ | ਮੀਟਿੰਗ ਮੌਕੇ ਹੋਰਨਾਂ ਤੋਂ ਇਲਾਵਾ ਮਲਕੀਤ ਸਿੰਘ ਮੰਦਰਾਂ, ਸਾਬਕਾ ਸਰਪੰਚ ਹਰਕੇਸ਼ ਸਿੰਘ ਮੰਡੇਰ, ਗੁਰਦਾਸ ਸਿੰਘ ਟਾਹਲੀਆਂ, ਮਨਜੀਤ ਕੌਰ ਗਾਮੀਵਾਲਾ, ਮਲਕੀਤ ਸਿੰਘ ਬਖਸ਼ੀਵਾਲਾ, ਸੁਖਦੇਵ ਸਿੰਘ ਬੌੜਾਵਾਲ, ਹਰਮੀਤ ਸਿੰਘ, ਚੀਮਨ ਲਾਲ ਕਾਕਾ, ਬੰਬੂ ਸਿੰਘ, ਹਰਦਿਆਲ ਸਿੰਘ, ਕਾਮਰੇਡ ਰਾਏਕੇ, ਝੰਡਾ ਸਿੰਘ, ਕੁਲਦੀਪ ਸਿੰਘ ਸਤੀਕੇ, ਦਰਸ਼ਨ ਸਿੰਘ ਗੁਰਨੇ ਖੁਰਦ, ਪਵਨ ਕੁਮਾਰ ਤੇ ਗਰੀਬਾਂ ਸਿੰਘ ਨੇ ਵੀ ਸੰਬੋਧਨ ਕੀਤਾ |