ਚੰਡੀਗੜ੍ਹ : ਹਰਿਆਣਾ ਵਿਧਾਨ ਸਭਾ ਲਈ ਨਵੀਂ ਇਮਾਰਤ ਬਣਾਈ ਜਾਵੇਗੀ | ਇਹ ਜਾਣਕਾਰੀ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਦਿੱਤੀ ਹੈ | ਉਨ੍ਹਾ ਟਵੀਟ ਕਰਕੇ ਕਿਹਾ ਕਿ ਹਰਿਆਣਾ ਵਿਧਾਨ ਸਭਾ ਲਈ ਵੱਖਰੀ ਇਮਾਰਤ ਦੀ ਸਾਡੀ ਮੰਗ ਨੂੰ ਪੂਰਾ ਕਰਦੇ ਹੋਏ ਸ਼ਨੀਵਾਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਵੀਕਾਰ ਕਰ ਲਿਆ ਹੈ | ਉਨ੍ਹਾ ਕਿਹਾ ਕਿ ਅਮਿਤ ਸ਼ਾਹ ਨੇ ਚੰਡੀਗੜ੍ਹ ‘ਚ ਵਿਧਾਨ ਸਭਾ ਲਈ ਵਾਧੂ ਜ਼ਮੀਨ ਦੇਣ ਦਾ ਐਲਾਨ ਕੀਤਾ ਹੈ | ਅਜਿਹੇ ‘ਚ ਹਰਿਆਣਾ ਦੇ ਸਾਰੇ ਲੋਕਾਂ ਦੀ ਤਰਫੋਂ ਮੈਂ ਗ੍ਰਹਿ ਮੰਤਰੀ ਦਾ ਦਿਲ ਤੋਂ ਧੰਨਵਾਦ ਕਰਦਾ ਹਾਂ | ਇਸ ਦੇ ਨਾਲ ਹੀ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਨੇ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਜੈਪੁਰ ਵਿਚ ਹੋ ਰਹੀ ਉੱਤਰੀ ਜ਼ੋਨ ਕੌਂਸਲ ਦੀ ਮੀਟਿੰਗ ਵਿੱਚ ਕੇਂਦਰੀ ਗ੍ਰਹਿ ਮੰਤਰੀ ਨੇ ਹਰਿਆਣਾ ਨੂੰ ਨਵਾਂ ਤੋਹਫਾ ਦਿੱਤਾ ਹੈ | ਉਨ੍ਹਾ ਕਿਹਾ ਕਿ ਅਸੀਂ ਹਰਿਆਣਾ ਦੇ ਨਵੇਂ ਵਿਧਾਨ ਭਵਨ ਲਈ ਇੱਕ ਸਾਲ ਤੋਂ ਕੋਸ਼ਿਸ਼ ਕਰ ਰਹੇ ਸਾਂ | ਮੁੱਖ ਮੰਤਰੀ ਨੇ ਮੀਟਿੰਗ ‘ਚ ਇਹ ਮਾਮਲਾ ਉਨ੍ਹਾ ਦੇ ਸਾਹਮਣੇ ਰੱਖਿਆ ਅਤੇ ਗ੍ਰਹਿ ਮੰਤਰੀ ਨੇ ਚੰਡੀਗੜ੍ਹ ‘ਚ ਹਰਿਆਣਾ ਦੀ ਨਵੀਂ ਵਿਧਾਨ ਸਭਾ ਦੇ ਗਠਨ ਨੂੰ ਮਨਜ਼ੂਰੀ ਦੇ ਦਿੱਤੀ |
ਗੁਪਤਾ ਨੇ ਦੱਸਿਆ ਕਿ ਕਲਾਗ੍ਰਾਮ ਦੇ ਸਾਹਮਣੇ ਵਾਲੀ ਜ਼ਮੀਨ ਨੂੰ ਲੈ ਕੇ ਵਿਚਾਰ ਚੱਲ ਰਿਹਾ ਹੈ | ਅਸੀਂ ਚੰਡੀਗੜ੍ਹ ਪ੍ਰਸ਼ਾਸਨ ਤੋਂ ਲੀਜ਼ ‘ਤੇ ਜ਼ਮੀਨ ਵੀ ਲੈ ਸਕਦੇ ਹਾਂ | ਜਿਸ ਦਿਨ ਜਗ੍ਹਾ ਮਿਲ ਜਾਵੇਗੀ, ਇੱਕ ਚੰਗੀ ਸਭਾ ਬਣ ਜਾਵੇਗੀ | ਮੰਤਰੀਆਂ ਦੇ ਬੈਠਣ ਦਾ ਪ੍ਰਬੰਧ, ਵਿਧਾਨ ਸਭਾ ਕਮੇਟੀਆਂ ਦੇ ਬੈਠਣ ਅਤੇ ਮੀਡੀਆ ਗੈਲਰੀ ਦਾ ਪ੍ਰਬੰਧ ਕੀਤਾ ਜਾਵੇਗਾ | ਉਹ ਸਾਰੀਆਂ ਵਿਧਾਨ ਸਭਾ ਇਮਾਰਤਾਂ ਨੂੰ ਦੇਖ ਕੇ ਵਧੀਆ ਵਿਧਾਨ ਭਵਨ ਬਣਾਉਣਗੇ | 2026 ‘ਚ ਹਰਿਆਣਾ ‘ਚ ਸੀਮਾਬੰਦੀ ਹੋਵੇਗੀ | ਇਸ ਵਿਚ ਘੱਟੋ-ਘੱਟ 25 ਸੀਟਾਂ ਵਧਣਗੀਆਂ | ਮੌਜੂਦਾ ਇਮਾਰਤ ਇੱਕ ਵਿਰਾਸਤੀ ਇਮਾਰਤ ਹੈ | ਅਸੀਂ ਦੇਖਾਂਗੇ ਕਿ ਇਸ ਦੀ ਚੰਗੀ ਵਰਤੋਂ ਕਰਨ ਲਈ ਕੀ ਕੀਤਾ ਜਾ ਸਕਦਾ ਹੈ | ਸਾਡੇ 20 ਕਮਰੇ ਅਜੇ ਵੀ ਪੰਜਾਬ ਕੋਲ ਹਨ, ਜੋ ਸਾਨੂੰ ਮਿਲਣੇ ਚਾਹੀਦੇ ਹਨ |