ਉੱਤਰਕਾਸ਼ੀ : ਉੱਤਰਾਖੰਡ ਦੇ ਉੱਤਰਕਾਸ਼ੀ ਜ਼ਿਲ੍ਹੇ ’ਚ ਸਿਲਕਿਆਰਾ ਸੁਰੰਗ ’ਚ ਫਸੇ 41 ਮਜ਼ਦੂਰਾਂ ਨੂੰ ਬਚਾਉਣ ਦੇ ਯਤਨਾਂ ਨੂੰ ਵੱਡੀ ਸਫਲਤਾ ਮਿਲੀ, ਜਦੋਂ ਮਲਬੇ ਵਿੱਚ ਛੇ ਇੰਚੀ ਵਿਆਸ ਵਾਲੀ ਪਾਈਪ ਪਾ ਦਿੱਤੀ ਗਈ। ਇਸ ਨਾਲ ਮਜ਼ਦੂਰਾਂ ਨੂੰ ਠੋਸ ਖੁਰਾਕ ਪਹੁੰਚਾਉਣ ਤੇ ਉਨ੍ਹਾਂ ਨਾਲ ਗੱਲਬਾਤ ਕਰਨ ’ਚ ਮਦਦ ਮਿਲੇਗੀ। ਨੈਸ਼ਨਲ ਹਾਈਵੇਜ਼ ਐਂਡ ਇਨਫਰਾਸਟਰਕਚਰ ਡਿਵੈੱਲਪਮੈਂਟ ਕਾਰਪੋਰੇਸ਼ਨ ਦੇ ਡਾਇਰੈਕਟਰ ਅੰਸ਼ੂ ਮਨਸੀਹ ਖਲਖੋ ਨੇ ਦੱਸਿਆਅਸੀਂ ਪਹਿਲੀ ਵੱਡੀ ਸਫਲਤਾ ਹਾਸਲ ਕਰ ਲਈ ਹੈ। ਮਜ਼ਦੂਰ ਇਸ ਪਾਈਪ ਨਾਲ ਗੱਲਬਾਤ ਕਰ ਸਕਦੇ ਹਨ।
ਇਸੇ ਦੌਰਾਨ ਕੌਮਾਂਤਰੀ ਸੁਰੰਗ ਮਾਹਰ ਅਰਨੋਲਡ ਡਿਕਸ ਸੋਮਵਾਰ ਮੌਕੇ ’ਤੇ ਪਹੁੰਚ ਗਏ। ਉਨ੍ਹਾ ਕਿਹਾਮੇਰੇ ਕੋਲ ਹਿਮਾਲੀਅਨ ਭੂ-ਵਿਗਿਆਨ ਦੇ ਸਭ ਤੋਂ ਵਧੀਆ ਮਾਹਰ ਹਨ। ਅਸੀਂ ਸਾਰੇ ਜਾਣਦੇ ਹਾਂ ਕਿ ਸੁਰੰਗ ਦੇ ਉੱਪਰ ਸਥਿਤੀ ਕਿਹੋ ਜਿਹੀ ਹੈ ਅਤੇ ਅੰਦਰ ਕੀ ਸਥਿਤੀ ਹੋ ਸਕਦੀ ਹੈ। ਅਸੀਂ ਸਾਰੇ ਉਨ੍ਹਾਂ 41 ਵਰਕਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਕਿਸੇ ਵੀ ਵਰਕਰ ਨੂੰ ਸੱਟ ਨਹੀਂ ਲੱਗਣ ਦੇਵਾਂਗੇ। ਇਹ ਬਹੁਤ ਮੁਸ਼ਕਲ ਕੰਮ ਹੈ, ਸਾਨੂੰ ਸੁਰੰਗ ਦੇ ਉੱਪਰ ਤੋਂ ਹੇਠਾਂ ਤੱਕ ਸਭ ਪਾਸੇ ਦੇਖਣਾ ਪੈਂਦਾ ਹੈ। ਅਸੀਂ ਜਲਦੀ ਹੀ ਸਾਰਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਵਾਂਗੇ। ਅਸੀਂ ਸਾਰੇ ਇੱਕ ਟੀਮ ਹਾਂ ਅਤੇ ਪੂਰੀ ਦੁਨੀਆ ਸਾਡੇ ਨਾਲ ਹੈ।