ਰੋਪੜ : ਲਗਾਤਾਰ ਪੈ ਰਹੇ ਮੀਂਹ ਕਾਰਨ ਪਾਵਰਕਾਮ ਨੂੰ ਵੀ ਵੱਡੀ ਰਾਹਤ ਮਿਲੀ ਹੈ | ਜਿੱਥੇ ਖੇਤਾਂ ਵਿਚ ਝੋਨਾ ਲਾਉਣ ਲਈ ਵਾਧੂ ਪਾਣੀ ਜਮ੍ਹਾਂ ਹੋ ਗਿਆ ਹੈ, ਉੱਥੇ ਹੀ ਤਾਪਮਾਨ ਘਟਣ ਨਾਲ ਲੋਕਾਂ ਨੂੰ ਏਅਰਕੰਡੀਸ਼ਨਾਂ ਦੀ ਵੀ ਘੱਟ ਲੋੜ ਪੈ ਰਹੀ ਹੈ | ਐਤਵਾਰ ਸਵੇਰ ਵੇਲੇ ਸਿਰਫ ਰਾਜਪੁਰਾ ਦੇ ਪ੍ਰਾਈਵੇਟ ਥਰਮਲ ਪਲਾਂਟ ਦੇ 1400 ਮੈਗਾਵਾਟ ਸਮਰੱਥਾ ਵਾਲੇ ਦੋਵੇਂ ਯੂਨਿਟ ਆਪਣੀ ਪੂਰੀ ਸਮਰੱਥਾ ਦੇ ਨੇੜੇ ਬਿਜਲੀ ਪੈਦਾ ਕਰ ਰਹੇ ਸਨ, ਜਦੋਂ ਕਿ ਤਲਵੰਡੀ ਸਾਬੋ ਥਰਮਲ ਪਲਾਂਟ ਦੇ ਤਿੰਨਾਂ ਵਿੱਚੋਂ ਦੋ ਯੂਨਿਟ ਅਤੇ ਗੋਇੰਦਵਾਲ ਥਰਮਲ ਪਲਾਂਟ ਦੇ 2 ਯੂਨਿਟਾਂ ਵਿੱਚੋਂ ਇੱਕ ਆਪਣੀ ਸਮਰੱਥਾ ਨਾਲੋਂ ਅੱਧੀ ਬਿਜਲੀ ਪੈਦਾ ਕਰ ਰਹੇ ਸਨ |
ਤਲਵੰਡੀ ਸਾਬੋ ਥਰਮਲ ਪਲਾਂਟ ਦਾ 1 ਨੰਬਰ ਯੂਨਿਟ ਐਤਵਾਰ ਵੀ ਬੰਦ ਰਿਹਾ, ਜਦੋਂ ਕਿ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦਾ 2 ਨੰਬਰ ਯੂਨਿਟ ਪਿਛਲੇ ਕਾਫੀ ਸਮੇਂ ਤੋਂ ਬੰਦ ਹੈ | ਸਰਕਾਰੀ ਥਰਮਲ ਪਲਾਂਟਾਂ ਵਿੱਚੋਂ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦਾ 3 ਨੰਬਰ ਯੂਨਿਟ ਸ਼ਨੀਵਾਰ ਬੰਦ ਕਰ ਦਿੱਤਾ ਗਿਆ ਸੀ ਅਤੇ 4 ਨੰਬਰ ਯੂਨਿਟ ਐਤਵਾਰ ਬੰਦ ਕਰ ਦਿੱਤਾ ਗਿਆ | ਇਸ ਥਰਮਲ ਪਲਾਂਟ ਦੇ 5 ਅਤੇ 6 ਨੰਬਰ ਯੂਨਿਟਾਂ ਵੱਲੋਂ 300 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਹੈ | ਲਹਿਰਾ ਮੁਹੱਬਤ ਥਰਮਲ ਪਲਾਂਟ ਦਾ 2 ਨੰਬਰ ਯੂਨਿਟ ਲੰਬੇ ਸਮੇਂ ਤੋਂ ਤਕਨੀਕੀ ਖਰਾਬੀ ਕਾਰਨ ਬੰਦ ਹੈ, ਜਦੋਂ ਕਿ ਬਿਜਲੀ ਦੀ ਮੰਗ ਘਟਣ ਉਪਰੰਤ ਇਸ ਦੇ 1 ਨੰਬਰ ਯੂਨਿਟ ਨੂੰ ਸ਼ਨੀਵਾਰ ਬੰਦ ਕਰ ਦਿੱਤਾ ਗਿਆ ਸੀ ਤੇ 3 ਨੰਬਰ ਯੂਨਿਟ ਐਤਵਾਰ ਬੰਦ ਕਰ ਦਿੱਤਾ ਗਿਆ |
ਇਸ ਥਰਮਲ ਪਲਾਂਟ ਦੇ ਯੂਨਿਟ ਨੰਬਰ 4 ਵੱਲੋਂ ਆਪਣੀ ਸਮਰੱਥਾ ਤੋਂ ਅੱਧੇ ਤੋਂ ਵੀ ਘੱਟ ਯਾਨੀ 210 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਹੈ | ਨਹਿਰਾਂ ਵਿੱਚ ਪਾਣੀ ਦਾ ਪੱਧਰ ਵਧਣ ਉਪਰੰਤ ਪਣ ਬਿਜਲੀ ਪ੍ਰਾਜੈਕਟਾਂ ਦੀ ਰਫਤਾਰ ਵੀ ਤੇਜ਼ ਹੋ ਗਈ ਹੈ |




