ਜਨਤਾ ਦਾ ਗੁੱਸਾ, ਸ੍ਰੀਲੰਕਾ ‘ਚ ਪ੍ਰਦਰਸ਼ਨਕਾਰੀਆਂ ਵੱਲੋਂ ਰਾਸ਼ਟਰਪਤੀ ਭਵਨ ‘ਤੇ ਕਬਜ਼ਾ, ਗੋਟਬਾਯਾ ਫਰਾਰ

0
330

ਕੋਲੰਬੋ : ਸ੍ਰੀਲੰਕਾ ‘ਚ ਆਰਥਕ ਮੰਦਹਾਲੀ ਤੋਂ ਸਤਾਏ ਲੋਕ ਸ਼ਨੀਵਾਰ ਨੂੰ ਪ੍ਰਦਰਸ਼ਨ ਕਰਦੇ ਹੋਏ ਰਾਸ਼ਟਰਪਤੀ ਗੋਟਬਾਯਾ ਰਾਜਪਕਸ਼ੇ ਦੇ ਨਿਵਾਸ ‘ਤੇ ਕਬਜ਼ਾ ਕਰ ਲਿਆ ਉਥੇ ਹੀ ਰਾਸ਼ਟਰਪਤੀ ਆਪਣਾ ਨਿਵਾਸ ਛੱਡ ਕੇ ਭੱਜ ਗਏ | ਇਸ ਤੋਂ ਪਹਿਲੇ 11 ਮਈ ਨੂੰ ਤਤਕਾਲੀਨ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਪਰਵਾਰ ਦੇ ਨਾਲ ਭੱਜ ਗਏ ਸਨ | ਅਸਲ ‘ਚ ਸ੍ਰੀਲੰਕਾ ‘ਚ ਆਰਥਿਕ ਸੰਕਟ ਨੂੰ ਲੈ ਕ ਲੰਮੇ ਸਮੇਂ ਤੋਂ ਲੋਕ ‘ਗੋਟਾ ਗੋ ਗਾਮਾ’ ਅਤੇ ‘ਗੋਟਾ ਗੋ ਹੋਮ’ ਦੇ ਬੈਨਰ ਹੇਠ ਪ੍ਰਦਰਸ਼ਨ ਕਰ ਰਹੇ ਹਨ | ਇਸ ਦਾ ਮਤਲਬ ਹੈ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਨੂੰ ਸੱਤਾ ਛੱਡਣ ਲਈ ਮਜ਼ਬੂਰ ਕਰਨਾ ਸੀ | ਪ੍ਰਦਰਸ਼ਨਕਾਰੀ ਰਾਸ਼ਟਰਪਤੀ ਤੋਂ ਅਸਤੀਫੇ ਦੀ ਮੰਗ ਕਰ ਰਹੇ ਹਨ | ਇਨ੍ਹਾਂ ਨੂੰ ਖਦੇੜਨ ਲਈ ਪੁਲਸ ਨੇ ਸਖਤੀ ਵੀ ਵਰਤੀ | ਪ੍ਰਦਰਸ਼ਨਕਾਰੀਆਂ ‘ਤੇ ਪੁਲਸ ਤੇ ਫੌਜ ਨੇ ਜਲ ਤੋਪਾਂ ਤੇ ਅੱਥਰੂ ਗੈਸ ਦੀ ਵਰਤੋਂ ਕੀਤੀ, ਪਰ ਲੋਕ ਸਾਰੇ ਬੈਰੀਕੇਡ ਤੋੜ ਕੇ ਰਾਸ਼ਟਰਪਤੀ ਭਵਨ ‘ਚ ਦਾਖਲ ਹੋ ਗਏ | ਪ੍ਰਦਰਸ਼ਨਕਾਰੀਆਂ ਨੇ ਭਵਨ ‘ਚ ਤੋੜਫੋੜ ਵੀ ਕੀਤੀ | ਰੈਲੀ ਦੌਰਾਨ ਸ੍ਰੀਲੰਕਾ ਦੀ ਪੁਲਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਹਿੰਸਕ ਝੜਪ ਹੋਈ | ਇਸ ‘ਚ ਕਰੀਬ 100 ਲੋਕ ਜ਼ਖ਼ਮੀ ਹੋ ਗਏ | ਸ਼ਨੀਵਾਰ ਰਾਤ ਤੋਂ ਹੀ ਰਾਸ਼ਟਰਪਤੀ ਭਵਨ ਦੇ ਨੇੜੇ ਦੇ ਇਲਾਕੇ ‘ਤੇ ਕਬਜ਼ਾ ਕਰੀ ਬੈਠੇ ਪ੍ਰਦਰਸ਼ਨਕਾਰੀਆਂ ਅਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਖਦੇੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ |
ਅਸਲ ‘ਚ ਸ੍ਰੀਲੰਕਾ ‘ਚ ਸਿਖਰਲੇ ਵਕੀਲਾਂ ਦੇ ਸੰਘ, ਮਨੁੱਖੀ ਅਧਿਕਾਰ ਸਮੂਹਾਂ ਅਤੇ ਸਿਆਸੀ ਦਲਾਂ ਦੇ ਲਗਾਤਾਰ ਵਧਦੇ ਦਬਾਅ ਤੋਂ ਬਾਅਦ ਪੁਲਸ ਨੇ ਸ਼ਨੀਵਾਰ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਤੋਂ ਪਹਿਲਾਂ ਕਰਫਿਊ ਹਟਾ ਲਿਆ ਸੀ | ਇਹ ਕਰਫਿਊ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਨੂੰ ਰੋਕਣ ਲਈ ਕੋਲੰਬੋ ਸਮੇਤ ਦੇਸ਼ ਦੇ ਪੱਛਮੀ ਸੂਬੇ ‘ਚ ਲਾਇਆ ਗਿਆ ਸੀ |
ਸ੍ਰੀਲੰਕਾ ‘ਚ ਵੱਖ-ਵੱਖ ਸ਼ਹਿਰਾਂ ‘ਚ ਪ੍ਰਦਰਸ਼ਨਕਾਰੀਆਂ ਦੀ ਭੀੜ ਇਕੱਠੀ ਹੋ ਰਹੀ ਹੈ ਅਤੇ ਹੁਣ ਇਸ ‘ਚ ਕਈ ਹਸਤੀਆਂ ਵੀ ਜੁੜਨ ਲੱਗੀਆਂ ਹਨ | ਸ੍ਰੀਲੰਕਾ ਦੇ ਸਾਬਕਾ ਕ੍ਰਿਕਟਰ ਸਨਥ ਜੈਸੂਰੀਆ ਵੀ ਪ੍ਰਦਰਸ਼ਨ ਕਰਨ ਲਈ ਸੜਕਾਂ ‘ਤੇ ਉਤਰੇ | ਕੋਲੰਬੋ ‘ਚ ਰਾਸ਼ਟਰਪਤੀ ਭਵਨ ਕੋਲ ਜਿੱਥੇ ਪ੍ਰਦਰਸ਼ਨਕਾਰੀਆਂ ਦੀ ਭੀੜ ਸੀ, ਸਨਥ ਜੈਸੂਰੀਆ ਵੀ ਪਹੁੰਚੇ | ਆਮ ਲੋਕਾਂ ਦੀਆਂ ਪੁਲਸ, ਫੌਜ ਅਤੇ ਏਅਰਫੋਰਸ ਨਾਲ ਝੜਪਾਂ ਹੋ ਰਹੀਆਂ ਹਨ, ਕਿਉਂਕਿ ਉਹ ਪੈਟਰੋਲ ਪੰਪਾਂ ਦੀ ਨਿਗਰਾਨੀ ਕਰ ਰਹੇ ਹਨ | ਸਮਾਜ ‘ਚ ਗੁੱਸਾ ਵਧਿਆ ਹੈ, ਜੋ ਦੰਗਿਆਂ ਦੇ ਰੂਪ ‘ਚ ਸਾਹਮਣੇ ਆ ਰਿਹਾ ਹੈ | ਸਕੂਲ ਕਾਲਜ, ਹਸਪਤਾਲ ਬੰਦ ਪਏ ਹਨ | ਲੋਕਾਂ ਨੂੰ ਰੋਜ਼ਾਨਾਂ ਦੀਆਂ ਖਾਣ ਵਾਲੀਆਂ ਚੀਜ਼ਾਂ ਵੀ ਨਹੀਂ ਮਿਲ ਰਹੀਆਂ, ਜੇ ਮਿਲ ਰਹੀਆਂ ਹਨ ਤਾਂ ਕਈ ਗੁਣਾਂ ਮਹਿੰਗੀਆਂ ਮਿਲ ਰਹੀਆਂ ਹਨ | ਵਿਦੇਸ਼ੀ ਮੁਦਰਾ ਭੰਡਾਰ ਖ਼ਤਮ ਹੋ ਚੁੱਕਾ ਹੈ, ਜਿਸ ਦੇ ਚਲਦੇ ਜ਼ਰੂਰੀ ਚੀਜ਼ਾਂ ਆਯਾਤ ਨਹੀਂ ਰਹੀਆਂ | ਸਭ ਤੋਂ ਜ਼ਿਆਦਾ ਤੇਲ ਦੀ ਕਮੀ ਹੈ | ਪੈਟਰੋਲ, ਡੀਜ਼ਲ ਲਈ ਪੰਪਾਂ ‘ਤੇ ਕਈ ਕਿਲੋਮੀਟਰ ਲੰਮੀਆਂ ਲਾਈਨਾਂ ਹਨ |
ਕੋਲੰਬੋ ਦੇ ਰਹਿਣ ਵਾਲੇ ਇੱਕ ਬਜ਼ੁਰਗ ਮਿਥਸੀਰੀ ਦਿਯਾਸ ਦੀ ਆਵਾਜ਼ ‘ਚ ਵੱਖਰੀ ਹੀ ਗੜ੍ਹਕ ਹੈ | ਉਹ ਕਹਿੰਦੇ ਹਨ, ‘ਰਾਸ਼ਟਰਪਤੀ ਭੱਜ ਗਏ ਹਨ, ਅਸੀਂ ਸਾਰੇ ਬਹੁਤ ਖੁਸ਼ ਹਾਂ | ਮੈਂ ਬਹੁਤ ਬਜ਼ੁਰਗ ਹਾਂ, ਇਸ ਲਈ ਮੈਂ ਅੱਜ ਪ੍ਰੋਟੈੱਸਟ ‘ਚ ਨਹੀਂ ਜਾ ਸਕਿਆ, ਪਰ ਮੇਰੇ ਬੱਚੇ, ਮੇਰੀ ਪਤਨੀ ਸਾਰੇ ਪ੍ਰਦਰਸ਼ਨ ‘ਚ ਸ਼ਾਮਲ ਹਨ |’ ਉਨ੍ਹਾ ਕਿਹਾ, ‘ਰਾਜਧਾਨੀ ਕੋਲੰਬੋ ਦੇ ਗਾਲਫੇਸ ਇਲਾਕੇ ‘ਚ ਲੋਕ ਪੈਦਲ ਪਹੁੰਚ ਰਹੇ ਹਨ | ਇੱਥੇ ਲੱਖਾਂ ਲੋਕ ਹਨ, ਏਨੀ ਭੀੜ ਕਦੀ ਵੀ ਬਾਹਰ ਨਹੀਂ ਨਿਕਲੀ | ਦੇਸ਼ ਦੇ ਲੋਕਾਂ ਨੂੰ ਲੱਗ ਰਿਹਾ ਹੈ ਕਿ ਬਦਲਾਅ ਦੇ ਜਿਸ ਸਮੇਂ ਦਾ ਉਹ ਇੰਤਜ਼ਾਰ ਕਰ ਰਹੇ ਸਨ, ਉਹ ਆ ਗਿਆ | ਜਦੋਂ ਹੀ ਰਾਸ਼ਟਰਪਤੀ ਦੇ ਭੱਜਣ ਦੀ ਖ਼ਬਰ ਆਈ ਹੈ, ਦੇਸ਼ ‘ਚ ਖੁਸ਼ੀ ਦੀ ਇੱਕ ਲਹਿਰ ਦੌੜ ਗਈ ਹੈ | ਲੋਕਾਂ ਕੋਲ ਤੇਲ ਨਹੀਂ, ਗੱਡੀਆਂ ਨਹੀਂ ਚੱਲ ਰਹੀਆਂ | ਲੋਕ ਪੈਦਲ ਹੀ ਪ੍ਰਦਰਸ਼ਨ ਸਥਾਨ ਤੱਕ ਪਹੁੰਚ ਰਹੇ ਹਨ | ਇਹ ਸ੍ਰੀਲੰਕਾ ਦੇ ਲਈ ਇਤਿਹਾਸਕ ਦਿਨ ਹੈ |’

LEAVE A REPLY

Please enter your comment!
Please enter your name here