ਸੰਗਰੂਰ (ਪ੍ਰਵੀਨ ਸਿੰਘ)-ਬੇਰੁਜ਼ਗਾਰ 646 ਪੀ ਟੀ ਆਈ ਅਧਿਆਪਕਾਂ ਵੱਲੋਂ ਐਤਵਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦੇ ਘਿਰਾਓ ਵੇਲੇ ਧੱਕਾ-ਮੁੱਕੀ ਦਰਮਿਆਨ ਪੁਲਸ ਨੇ ਲਾਠੀਚਾਰਜ ਕਰ ਦਿੱਤਾ, ਜਿਸ ਨਾਲ ਕੁੜੀਆਂ ਤੱਕ ਦੇ ਕੱਪੜੇ ਫਟ ਗਏ ਅਤੇ ਮੁੰਡਿਆਂ ਨੂੰ ਵੀ ਸੱਟਾਂ ਲੱਗੀਆਂ | ਪੁਲਸ ਮੁਲਾਜ਼ਮਾਂ ਬੇਰੁਜ਼ਗਾਰ ਮੁੰਡੇ ਪਰਸ਼ਿੰਦਰ ਰਾਮ ਪਿੰਡ ਸਾਗਰਾ ਜ਼ਿਲ੍ਹਾ ਪਟਿਆਲਾ ਨੂੰ ਬੈਰੀਕੇਡਾਂ ਦੇ ਉਪਰੋਂ ਚੁੱਕ ਕੇ ਸੁੱਟਣ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ | ਸੂਬਾ ਪ੍ਰਧਾਨ ਗੁਰਲਾਭ ਸਿੰਘ ਭੋਲਾ ਨੇ ਦੱਸਿਆ ਕਿ 646 ਪੀ ਟੀ ਆਈ ਅਧਿਆਪਕਾਂ ਦੀ ਭਰਤੀ 12 ਸਾਲਾਂ ਤੋਂ ਲਟਕਦੀ ਆ ਰਹੀ ਹੈ |
ਜਥੇਬੰਦੀ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਭਰਤੀ ਨੂੰ ਪੂਰਾ ਕਰਨ ਲਈ ਚਾਰ ਮਹੀਨਿਆਂ ਦਾ ਸਮਾਂ ਦਿੱਤਾ, ਪ੍ਰੰਤੂ ਪੰਜਾਬ ਸਰਕਾਰ ਨੇ ਇਸ ਭਰਤੀ ਨੂੰ ਪੂਰਾ ਕਰਨ ਲਈ ਕੋਈ ਪਹਿਲ ਨਹੀਂ ਕੀਤੀ |
ਪਿਛਲੀ ਸਰਕਾਰ ਸਮੇਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਮੀਤ ਹੇਅਰ ਅਤੇ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੇ ਸਾਡੀ ਸੰਘਰਸ਼ ਵਾਲੇ ਥਾਂ ਉਤੇ ਪੁੱਜ ਕੇ ਵਾਅਦਾ ਕੀਤਾ ਸੀ ਕਿ ਪੰਜਾਬ ਵਿੱਚ ‘ਆਪ’ ਸਰਕਾਰ ਆਉਣ ਉੱਤੇ ਪਹਿਲਾਂ ਉਨ੍ਹਾਂ ਦਾ ਮਸਲਾ ਹੱਲ ਕੀਤਾ ਜਾਵੇਗਾ, ਪ੍ਰੰਤੂ ਤਰੀਕਾਂ ‘ਤੇ ਤਰੀਕਾਂ ਦਿੱਤੀਆਂ ਜਾ ਰਹੀਆਂ ਹਨ | 646 ਪੀ ਟੀ ਆਈ ਅਧਿਆਪਕਾਂ ਦੀ ਭਰਤੀ ਲਈ 9 ਮਈ 2011 ਨੂੰ ਬਾਦਲ ਸਰਕਾਰ ਨੇ ਇਸ਼ਤਿਹਾਰ ਜਾਰੀ ਕੀਤਾ ਸੀ ਅਤੇ ਸਾਲ 2012 ਵਿਚ ਦੁਬਾਰਾ ਬਾਦਲ ਸਰਕਾਰ ਬਣ ਗਈ, ਪਰ ਇਹ ਭਰਤੀ ਕਿਸੇ ਤਣ-ਪੱਤਣ ਨਹੀਂ ਲਗਾਈ ਗਈ | ਫੇਰ 2017 ‘ਚ ਬਣੀ ਕਾਂਗਰਸ ਸਰਕਾਰ ਨੇ ਵੀ ਆਪਣੇ 5 ਸਾਲ ਲਾਰਿਆਂ ‘ਚ ਲੰਘਾ ਦਿੱਤੇ |