ਨਵੀਂ ਦਿੱਲੀ : ਅਰਬਪਤੀ ਉਦਯੋਗਪਤੀ ਮੁਕੇਸ਼ ਅੰਬਾਨੀ ਅਤੇ ਗੌਤਮ ਅਡਾਨੀ ਨੇ ਪਿਛਲੇ ਸਾਲਾਂ ਦੌਰਾਨ ਆਪਣੇ ਕਾਰੋਬਾਰੀ ਸਾਮਰਾਜ ਦੇ ਵਿਸਥਾਰ ਦੇ ਬਾਵਜੂਦ ਸਿੱਧੇ ਮੁਕਾਬਲੇ ਤੋਂ ਟਾਲਾ ਵੱਟਿਆ ਹੈ | ਪਹਿਲੀ ਵਾਰ ਦੋਵੇਂ ਇਸ ਮਹੀਨੇ ਦੇ ਅੰਤ ‘ਚ 5ਜੀ ਟੈਲੀਕਾਮ ਸੇਵਾਵਾਂ ਲਈ ਸਪੈਕਟ੍ਰਮ ਨਿਲਾਮੀ ਦੌਰਾਨ ਇੱਕ-ਦੂਜੇ ਦਾ ਸਾਹਮਣਾ ਕਰਨਗੇ | ਇਸ ਦੇ ਬਾਵਜੂਦ ਉਨ੍ਹਾਂ ਵਿਚਕਾਰ ਬਾਜ਼ਾਰ ਵਿਚ ਕੋਈ ਸਪੱਸ਼ਟ ਟਕਰਾਅ ਨਹੀਂ ਦਿਖਾਈ ਦੇਵੇਗਾ | ਅਡਾਨੀ ਗਰੁੱਪ ਨੇ ਟੈਲੀਕਾਮ ਸਪੈਕਟ੍ਰਮ ਦੀ ਦੌੜ ‘ਚ ਆਪਣੀ ਐਂਟਰੀ ਦੀ ਪੁਸ਼ਟੀ ਕੀਤੀ, ਪਰ ਕਿਹਾ ਕਿ ਉਹ ਹਵਾਈ ਅੱਡਿਆਂ ਤੋਂ ਲੈ ਕੇ ਆਪਣੇ ਕਾਰੋਬਾਰ ਨੂੰ ਸਮੱਰਥਨ ਦੇਣ ਲਈ ਟੈਲੀਕਾਮ ਸਪੈਕਟ੍ਰਮ ਦੀ ਵਰਤੋਂ ਨਿੱਜੀ ਨੈੱਟਵਰਕ ਵਜੋਂ ਕਰੇਗਾ | ਇਸ ਦਾ ਮਤਲਬ ਹੈ ਕਿ ਗਰੁੱਪ ਉਪਭੋਗਤਾ ਮੋਬਾਈਲ ਟੈਲੀਫੋਨ ਖੇਤਰ ਵਿਚ ਦਾਖਲ ਨਹੀਂ ਹੋਵੇਗਾ, ਜਿੱਥੇ ਅੰਬਾਨੀ ਦੀ ਰਿਲਾਇੰਸ ਜੀਓ ਸਭ ਤੋਂ ਵੱਡੀ ਹੈ |