ਪਟਿਆਲਾ : ਪੰਜਾਬ ਏਟਕ ਦੇ ਪ੍ਰਧਾਨ ਬੰਤ ਸਿੰਘ ਬਰਾੜ ਅਤੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ ਸ਼ੁੱਕਰਵਾਰ ਕਿਹਾ ਕਿ ਪੰਜਾਬ ਏਟਕ ਨੇ ਪਿਛਲੇ ਕੁਝ ਮਹੀਨਿਆਂ ਤੋਂ ਲਗਾਤਾਰ ਮਜ਼ਦੂਰਾਂ ਦੀਆਂ ਘੱਟੋ-ਘੱਟ ਉਜਰਤਾਂ ਵਧਾਉਣ, ਉਸਾਰੀ ਕਿਰਤੀਆਂ ਦੇ ਮਸਲੇ ਹੱਲ ਕਰਨ, ਖੱਜਲ ਖੁਆਰੀ ਰੋਕਣ ਅਤੇ 12 ਘੰਟੇ ਦੀ ਕੰਮ ਦਿਹਾੜੀ ਦੇ ਨਾਦਰਸ਼ਾਹੀ ਹੁਕਮਾਂ ਸੰਬੰਧੀ ਲਗਾਤਾਰ ਰੈਲੀਆਂ ਮੁਜ਼ਾਹਰੇ ਅਤੇ ਸਰਕਾਰ ਨਾਲ ਮੀਟਿੰਗਾਂ ਆਦਿ ਤਰੀਕਿਆਂ ਨਾਲ ਲਗਾਤਾਰ ਦਬਾਅ ਬਣਾਇਆ ਹੋਇਆ ਹੈ | ਇਨ੍ਹਾਂ ਸਰਗਰਮੀਆਂ ਦੇ ਕੁਝ ਹਾਂ-ਪੱਖੀ ਸਿੱਟੇ ਨਿਕਲਣ ਦੀ ਕਾਫੀ ਸੰਭਾਵਨਾ ਬਣ ਗਈ ਹੈ | ਕੁਝ ਕੰਮ ਅਮਲ ‘ਚ ਹੋਣੇ ਸ਼ੁਰੂ ਵੀ ਹੋ ਚੁੱਕੇ ਹਨ | ਤਿੰਨ ਨਵੰਬਰ ਦੀ ਮੋਹਾਲੀ ਵਿਖੇ ਕਿਰਤ ਭਵਨ ਦੇ ਸਾਹਮਣੇ ਕੀਤੀ ਗਈ ਸਾਂਝੀ ਰੈਲੀ ‘ਚ ਏਟਕ ਵੱਲੋਂ ਪੂਰੀ ਤਨਦੇਹੀ ਨਾਲ ਸ਼ਮੂਲੀਅਤ ਕਰਕੇ ਸਰਕਾਰ ਨੂੰ ਆਪਣੀ ਤਾਕਤ ਦਾ ਅਹਿਸਾਸ ਕਰਵਾਇਆ ਗਿਆ, ਜਿਸ ਦਾ ਸਿੱਟਾ ਹੈ ਕਿ ਪੰਜਾਬ ਸਰਕਾਰ ਦੇ ਕਿਰਤ ਮੰਤਰੀ ਅਨਮੋਲ ਗਗਨ ਮਾਨ, ਸਕੱਤਰ ਕਿਰਤ ਵਿਭਾਗ ਅਤੇ ਲੇਬਰ ਕਮਿਸ਼ਨਰ ਦੀ ਮੌਜੂਦਗੀ ‘ਚ ਪੰਜਾਬ ਮਿਨੀਮਮ ਵੇਜ ਬੋਰਡ ਦੀ ਮੀਟਿੰਗ 7 ਨਵੰਬਰ ਨੂੰ ਸੱਦੀ ਗਈ ਸੀ, ਜਿਸ ਵਿੱਚ ਕਿਰਤੀਆਂ ਦੇ ਨੁਮਾਇੰਦੇ ਵਜੋਂ ਏਟਕ ਦੇ ਨਿਰਮਲ ਸਿੰਘ ਧਾਲੀਵਾਲ ਅਤੇ ਇੰਟਕ ਵੱਲੋਂ ਸੁਖਦੇਵ ਰੋਪੜ ਵੱਲੋਂ ਅਧਿਕਾਰਤ ਤੌਰ ‘ਤੇ ਸ਼ਿਰਕਤ ਕੀਤੀ ਗਈ ਸੀ | ਮਾਲਕਾਂ ਦੇ ਪੱਖ ਰੱਖਣ ਵਾਲੇ ਨੁਮਾਇੰਦੇ ਵੀ ਇਸ ਮੀਟਿੰਗ ਲਈ ਨਿਮੰਤਰਤ ਸਨ | ਜਿਨ੍ਹਾਂ ਨੇ ਉਜਰਤਾਂ ਵਧਾਉਣ ਦਾ ਫਰੇਬੀ ਅਤੇ ਹਾਸੋਹੀਣੇ ਤਰਕ ਦੇ ਕੇ ਵਿਰੋਧ ਕੀਤਾ | ਪਰ ਏਟਕ ਵੱਲੋਂ ਘੱਟੋ-ਘੱਟ ਉਜਰਤਾਂ 26000 ਪ੍ਰਤੀ ਮਹੀਨਾ ਤੈਅ ਕਰਨ ‘ਤੇ ਜ਼ੋਰ ਦਿੱਤਾ ਗਿਆ ਅਤੇ ਉਜਰਤਾਂ ਤੈਅ ਕਰਨ ਲਈ ਜ਼ਰੂਰੀ ਕਾਨੂੰਨੀ ਮਾਪਦੰਡਾਂ ਦਾ ਲੇਖਾ ਜੋਖਾ ਕਰਕੇ ਮਾਲਕਾਂ ਦੇ ਨੁਮਾਇੰਦਿਆਂ ਦੇ ਵਿਰੋਧ ਨੂੰ ਤਰਕਹੀਣ ਸਾਬਤ ਕੀਤਾ | ਪੰਜਾਬ ਸਰਕਾਰ ਨੇ ਪਿਛਲੇ 11 ਸਾਲ ਦੇ ਅਰਸੇ ਦੌਰਾਨ ਕਦੇ ਵੀ ਘੱਟੋ-ਘੱਟ ਉਜਰਤਾਂ ਨਹੀਂ ਵਧਾਈਆਂ ਜਿਹੜੀਆਂ ਕਿ ਹਰ 5 ਸਾਲ ਬਾਅਦ ਵਧਣੀਆਂ ਚਾਹੀਦੀਆਂ ਹਨ | ਸਰਕਾਰ ਨੇ ਦੱਬੀ ਜ਼ਬਾਨ ‘ਚ ਅਤੇ ਇਸ਼ਾਰਾ ਮਾਤਰ ਤਰੀਕੇ ਨਾਲ ਹੁੰਗਾਰਾ ਭਰਿਆ ਕਿ ਉਜਰਤਾਂ ‘ਚ ਤੱਥਾਂ ਨੂੰ ਧਿਆਨ ‘ਚ ਰੱਖ ਕੇ ਜਲਦੀ ਵਾਧਾ ਕਰ ਦਿੱਤਾ ਜਾਵੇਗਾ | ਇਸ ਸਬੰਧੀ 15 ਦਿਨਾਂ ਦਾ ਸਮਾਂਬੱਧ ਕਰਕੇ ਤਿੰਨ ਮੈਂਬਰੀ ਕਮੇਟੀ ਗਠਿਤ ਕਰ ਦਿੱਤੀ ਗਈ ਸੀ | ਸੋ ਜਲਦੀ ਚੰਗੇ ਸਿੱਟੇ ਨਿਕਲਣ ਦੀ ਕਾਫੀ ਸੰਭਾਵਨਾ ਬਣ ਗਈ ਹੈ | ਬਰਾੜ ਅਤੇ ਧਾਲੀਵਾਲ ਨੇ 12 ਘੰਟੇ ਕੰਮ ਦਿਹਾੜੀ ਬਾਰੇ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਮੋਦੀ ਮਾਰਕਾ ਫੈਸਲੇ ਦੀ ਨਕਲ ਕਰਦਿਆਂ ਲਏ ਇਸ ਘਿਨੌਣੇ ਫੈਸਲੇ ਦਾ ਜ਼ਬਰਦਸਤ ਵਿਰੋਧ ਕੀਤਾ ਜਾ ਰਿਹਾ ਹੈ | ਜਿਸ ਦਾ ਪ੍ਰਭਾਵ ਪੈ ਰਿਹਾ ਸੀ ਕਿ ਹੁਣ ਕੰਮ ਦਿਹਾੜੀ ਕਾਨੂੰਨੀ ਤੌਰ ‘ਤੇ 8 ਦੀ ਬਜਾਏ 12 ਘੰਟੇ ਹੀ ਹੋ ਗਈ ਹੈ | ਸਰਕਾਰ ਇਸ ਦਾਅ ‘ਤੇ ਸੀ ਕਿ ਜੇਕਰ ਕੋਈ ਮਜ਼ਦੂਰਾਂ ਵੱਲੋਂ ਤਿੱਖਾ ਪ੍ਰਤੀਕਰਮ ਨਾ ਹੋਇਆ ਤਾਂ 12 ਘੰਟੇ ਦੀ ਦਿਹਾੜੀ ਕਾਨੂੰਨੀ ਤੌਰ ‘ਤੇ ਕਰ ਦਿੱਤੀ ਜਾਵੇਗੀ | ਪਰ ਸਾਡੇ ਸੁਚੇਤ ਜਤਨਾਂ ਨਾਲ ਅਤੇ ਲਗਾਤਾਰ ਵਿਰੋਧ ਕਾਰਨ ਅਤੇ ਪੰਜਾਬ ਏਟਕ ਵਲੋਂ 21 ਨਵੰਬਰ ਨੂੰ ਸਕੱਤਰ, ਕਿਰਤ ਵਿਭਾਗ ਨੂੰ ਮਿਲ ਕੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਘੱਟੋ-ਘੱਟ ਇਹ ਤਾਂ ਸਪਸ਼ਟ ਕਰ ਦਿੱਤਾ ਗਿਆ ਕਿ ਜੇਕਰ ਕੋਈ ਸਨਅਤ 12 ਘੰਟੇ ਤੱਕ ਮਜ਼ਦੂਰ ਤੋਂ ਕੰਮ ਲੈਂਦੀ ਹੈ ਤਾਂ ਉਸ ਨੂੰ ਫੈਕਟਰੀਜ਼ ਐਕਟ ਦੇ ਸੈਕਸ਼ਨ 59 ਅਨੁਸਾਰ ਆਮ ਤਨਖਾਹ ਤੋਂ ਦੋ ਗੁਣਾ ਓਵਰ ਟਾਈਮ ਦੇਣਾ ਲਾਜ਼ਮੀ ਹੈ ਅਤੇ ਤਿੰਨ ਮਹੀਨਿਆਂ ਵਿੱਚ 115 ਘੰਟਿਆਂ ਤੋਂ ਵੱਧ ਓਵਰ ਟਾਈਮ ਨਹੀਂ ਲਿਆ ਜਾਵੇਗਾ | ਭਾਵੇਂ ਸਾਡਾ ਬੇਰੁਜ਼ਗਾਰੀ ਅਤੇ ਮਨੁੱਖੀ ਸਿਹਤ ਨੂੰ ਸਾਹਮਣੇ ਰੱਖ ਕੇ ਅਸੂਲੀ ਵਿਰੋਧ ਕਾਇਮ ਰਹੇਗਾ ਅਤੇ ਨੋਟੀਫਿਕੇਸ਼ਨ ਵਾਪਸ ਲੈਣ ਦੀ ਲੜਾਈ ਜਾਰੀ ਰਹੇਗੀ, ਪਰ ਸਾਡੀ ਦਖਲ-ਅੰਦਾਜ਼ੀ ਨਾਲ ਸਰਕਾਰ ਵੱਲੋਂ ਅਖਬਾਰ ‘ਚ ਸਪਸ਼ਟੀਕਰਨ ਦੇ ਦਿੱਤਾ ਗਿਆ ਹੈ | ਇਸੇ ਤਰ੍ਹਾਂ ਪੰਜਾਬ ਏਟਕ ਵੱਲੋਂ ਉਸਾਰੀ ਕਿਰਤੀਆਂ ਦੀਆਂ ਮੁਸ਼ਕਲਾਂ ਅਤੇ ਮੰਗਾਂ ਨੂੰ ਲੈ ਕੇ ਸਕੱਤਰ, ਕਿਰਤ ਵਿਭਾਗ ਤੋਂ ਮੀਟਿੰਗ ਲਈ ਸਮਾਂ ਮੰਗਿਆ ਗਿਆ ਸੀ, ਜੋ ਕਿ ਮੀਟਿੰਗ ਲਈ ਉਨ੍ਹਾਂ ਵੱਲੋਂ 21 ਨਵੰਬਰ ਨੂੰ ਸੱਦਿਆ ਗਿਆ ਸੀ | ਇਸ ਮੀਟਿੰਗ ‘ਚ ਜਨਰਲ ਸਕੱਤਰ ਧਾਲੀਵਾਲ ਤੋਂ ਬਿਨਾਂ ਅਮਰਜੀਤ ਸਿੰਘ ਆਸਲ, ਸੁਖਦੇਵ ਸ਼ਰਮਾ ਤੇ ਬੀਬੀ ਦਸਵਿੰਦਰ ਕੌਰ ਅੰਮਿ੍ਤਸਰ, ਉਸਾਰੀ ਕਿਰਤੀਆਂ ਦੇ ਮਸਲਿਆਂ ‘ਤੇ ਮੁਹਾਰਤ ਰੱਖਣ ਵਾਲੇ ਆਗੂ ਸ਼ਾਮਲ ਹੋਏ | ਇੱਕ ਘੰਟੇ ਤੋਂ ਵੱਧ ਸਮਾਂ ਚੱਲੀ ਇਸ ਮੀਟਿੰਗ ‘ਚ ਕਈ ਮਸਲੇ ਹੱਲ ਕਰ ਲਏ ਗਏ ਜਿਵੇਂ ਕਿ ਬੜਾ ਮਹੱਤਵਪੂਰਨ ਫੈਸਲਾ ਹੋਇਆ ਕਿ ਲਾਭਪਾਤਰੀ ਨੂੰ 60 ਸਾਲ ਦੀ ਉਮਰ ਹੋਣ ਉਪਰੰਤ ਪੈਨਸ਼ਨ ਆਪਣੇ ਆਪ ਹੀ ਲਾ ਦਿੱਤੀ ਜਾਇਆ ਕਰੇਗੀ, ਉਸ ਤੋਂ ਕੋਈ ਕਾਗਜ਼ਾਤ ਨਹੀਂ ਮੰਗਿਆ ਜਾਵੇਗਾ, ਇਸੇ ਤਰ੍ਹਾਂ ਵਿਭਾਗ ‘ਚ ਲਾਭਪਾਤਰੀਆਂ ਦੇ ਕੰਮਾਂ ਨੂੰ ਲਟਕਾਉਣ ਵਾਲੇ ਤੇ ਭਿ੍ਸ਼ਟਾਚਾਰੀ ਕਰਮਚਾਰੀਆਂ ਬਾਰੇ ਵੀ ਚਰਚਾ ਹੋਈ | ਜਿਸ ‘ਚ ਵਿਸ਼ੇਸ਼ ਚਰਚਾ ਅੰਮਿ੍ਤਸਰ ਦੇ ਇੰਸਪੈਕਟਰ ਨੂੰ ਲੈ ਕੇ ਹੋਈ, ਜਿਸ ‘ਤੇ ਜਲਦੀ ਐਕਸ਼ਨ ਲੈਣ ਦਾ ਭਰੋਸਾ ਦਿੱਤਾ ਗਿਆ | ਜਿਥੇ ਸਟਾਫ ਦੀ ਘਾਟ ਹੈ ਅਤੇ ਕਿਤੇ ਜ਼ਿਆਦਾ ਹੈ, ਇਸ ਸੰਬੰਧੀ ਤੁਰੰਤ ਲੁਧਿਆਣਾ ਤੋਂ ਵਿਭਾਗ ਦੇ ਦੋ ਕਰਮਚਾਰੀ ਘਾਟ ਵਾਲੀ ਥਾਂ ‘ਤੇ ਬਦਲ ਦਿੱਤੇ ਗਏ ਹਨ | ਪਾੈਡਿੰਗ ਕੇਸਾਂ ਦਾ ਨਿਪਟਾਰਾ ਤੇਜ਼ੀ ਨਾਲ ਕਰਨ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ | ਇਸੇ ਤਰ੍ਹਾਂ ਪੈਂਡਿੰਗ ਪਈਆਂ ਡੀ ਬੀ ਟੀਜ਼ ਦਾ 40 ਫੀਸਦੀ ਇਹ ਕੰਮ ਕਰ ਦਿੱਤਾ ਗਿਆ | ਬਾਕੀ ਰਹਿੰਦਾ ਬਿਨਾਂ ਦੇਰੀ ਨਿਪਟਾ ਦਿੱਤਾ ਜਾਵੇਗਾ | ਵਿਭਾਗ ਵੱਲੋਂ ਆਪਣੀ ਮੁਸ਼ਕਲ ਵੀ ਦੱਸੀ ਗਈ ਕਿ ਉਨ੍ਹਾਂ ਕੋਲ 92 ਇੰਸਪੈਕਟਰਾਂ ਦੀ ਥਾਂ ਸਿਰਫ 32 ਇੰਸਪੈਕਟਰ ਹਨ | ਜਿਸ ਕਰਕੇ ਕੰਮਾਂ ‘ਚ ਕੁਝ ਦੇਰੀ ਵੀ ਹੋ ਜਾਂਦੀ ਹੈ | ਉਨ੍ਹਾਂ ਕਿਹਾ ਕਿ ਇਸ ਸਮੱਸਿਆ ਦਾ ਵੀ ਜਲਦੀ ਹੱਲ ਕੀਤਾ ਜਾਵੇਗਾ |ਏਟਕ ਵੱਲੋਂ ਧਾਲੀਵਾਲ ਵੱਲੋਂ ਉਸਾਰੀ ਕਿਰਤੀ ਬੋਰਡ ਦੀ ਜਲਦੀ ਹੋਣ ਵਾਲੀ ਮੀਟਿੰਗ ਵਿੱਚ ਇਹ ਮਸਲਾ ਅਤੇ ਕੁਝ ਹੋਰ ਮਸਲੇ ਜ਼ੋਰਦਾਰ ਤਰੀਕੇ ਨਾਲ ਚੁੱਕੇ ਜਾਣਗੇ | ਅੰਤ ‘ਚ ਪੰਜਾਬ ਏਟਕ ਵੱਲੋਂ ਮੁਲਾਜ਼ਮ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਨੂੰ ਜ਼ੋਰਦਾਰ ਅਪੀਲ ਕੀਤੀ ਗਈ ਕਿ 26, 27, 28 ਨਵੰਬਰ ਦੇ ਮੋਹਾਲੀ ਵਿਖੇ ਕਿਸਾਨਾਂ ਅਤੇ ਟਰੇਡ ਯੂਨੀਅਨਾਂ ਦੇ ਸਾਂਝੇ ਮਹਾਂ ਪੜਾਅ ਧਰਨੇ ‘ਚ ਹੁੰਮ-ਹੁਮਾ ਕੇ ਲੱਗੇ ਕੋਟਿਆਂ ਅਨੁਸਾਰ ਪੱੁਜਿਆ ਜਾਵੇ |


