ਜਨੇਵਾ : ਵਿਸ਼ਵ ਸਿਹਤ ਸੰਗਠਨ (ਡਬਲਿਊ ਐੱਚ ਓ) ਵੱਲੋਂ ਚੀਨ ਨੂੰ ਸਾਹ ਦੀਆਂ ਬਿਮਾਰੀਆਂ ਅਤੇ ਨਿਮੋਨੀਆ ਦੇ ਮਾਮਲਿਆਂ ‘ਚ ਚਿੰਤਾਜਨਕ ਵਾਧੇ ਬਾਰੇ ਜਾਣਕਾਰੀ ਦੇਣ ਦੀ ਅਧਿਕਾਰਤ ਬੇਨਤੀ ਤੋਂ ਬਾਅਦ ਚੀਨੀ ਅਧਿਕਾਰੀਆਂ ਨੇ ਕਿਹਾ ਹੈ ਕਿ ਇੱਥੇ ਕੋਈ ਅਸਾਧਾਰਨ ਸਥਿਤੀ ਨਹੀਂ ਹੈ | ਦੇਸ਼ ‘ਚ ਕੋਈ ਨਵੀਂ ਬਿਮਾਰੀ ਨਹੀਂ ਆਈ ਹੈ |
ਡਬਲਿਊ ਐੱਚ ਓ ਨੇ ਉੱਤਰੀ ਚੀਨ ‘ਚ ਬੱਚਿਆਂ ‘ਚ ਨਿਮੋਨੀਆ ਦੇ ਅਜੀਬ ਰੂਪ ਬਾਰੇ ਕੌਮਾਂਤਰੀ ਛੂਤ ਰੋਗ ਨਿਗਰਾਨੀ ਸੇਵਾ ਦੀਆਂ ਰਿਪੋਰਟਾਂ ਤੇ ਮੀਡੀਆ ਦਾ ਹਵਾਲਾ ਦੇ ਕੇ ਇਸ ਹਫਤੇ ਦੇ ਸ਼ੁਰੂ ਵਿਚ ਇਸ ਸੰਬੰਧ ਵਿਚ ਹੋਰ ਜਾਣਕਾਰੀ ਦੇਣ ਦੀ ਅਪੀਲ ਕੀਤੀ ਸੀ | ਵਿਗਿਆਨੀ ਕਹਿੰਦੇ ਹਨ ਕਿ ਸਥਿਤੀ ਦੀ ਨੇੜਿਓਾ ਨਿਗਰਾਨੀ ਦੀ ਲੋੜ ਹੈ, ਪਰ ਉਹ ਪੱਕਾ ਨਹੀਂ ਕਹਿ ਸਕਦੇ ਕਿ ਚੀਨ ‘ਚ ਸਾਹ ਦੀਆਂ ਬਿਮਾਰੀਆਂ ‘ਚ ਹਾਲ ਹੀ ‘ਚ ਵਾਧਾ ਨਵੀਂ ਕੌਮਾਂਤਰੀ ਲਾਗ ਦੀ ਸ਼ੁਰੂਆਤ ਦਾ ਸੰਕੇਤ ਦਿੰਦਾ ਹੈ |


