ਮਜੀਠਾ : ਪਿੰਡ ਨੰਗਲ ਪੰਨਵਾਂ ਦੇ ਨੌਜਵਾਨ ਰਾਘਵ ਸ਼ਰਮਾ ਨੇ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਈ | ਉਸ ਦੇ ਪਿਤਾ ਸੋਹਣ ਲਾਲ ਨੇ ਥਾਣਾ ਮਜੀਠਾ ਵਿਚ ਸ਼ਿਕਾਇਤ ਦਰਜ ਕਰਾੳਾੁਦਿਆਂ ਦੱਸਿਆ ਕਿ ਪਿੰਡ ਨਾਗ ਖੁਰਦ ਦੇ ਮਨਦੀਪ ਸਿੰਘ ਨੇ ਉਸ ਦੇ ਪੁੱਤਰ ਨੂੰ ਸਰਕਾਰੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਉਸ ਤੋਂ ਡੇਢ ਲੱਖ ਰੁਪਏ ਠੱਗੇ | ਇਸ ਤੋਂ ਪ੍ਰੇਸ਼ਾਨ ਹੋ ਕੇ ਹੀ ਉਸ ਨੇ ਸ਼ਨੀਵਾਰ ਰਾਤ ਖੁਦਕੁਸ਼ੀ ਕਰ ਲਈ | ਪੁਲਸ ਨੇ ਮਨਦੀਪ ਸਿੰਘ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਹੈ | ਐਤਵਾਰ ਸੋਹਣ ਲਾਲ ਤੇ ਉਸ ਦੇ ਪਰਵਾਰਕ ਮੈਂਬਰਾਂ ਨੇ ਥਾਣਾ ਮਜੀਠਾ ਅੱਗੇ ਧਰਨਾ ਲਾ ਕੇ ਆਵਾਜਾਈ ਠੱਪ ਕਰਕੇ ਮੰਗ ਕੀਤੀ ਕਿ ਉਨ੍ਹਾਂ ਪੁਲਸ ਮੁਲਾਜ਼ਮਾਂ ਖਿਲਾਫ ਕਾਰਵਾਈ ਕੀਤੀ ਜਾਵੇ, ਜਿਨ੍ਹਾਂ ਨੇ ਰਾਘਵ ਸ਼ਰਮਾ ਤੇ ਉਸ ਦੇ ਚਾਚੇ ਦੇ ਮੁੰਡੇ ਅਕਾਸ਼ ਚੰਦਰ ਦੀ ਕੋਈ ਗੱਲ ਨਹੀਂ ਸੁਣੀ, ਜਿਹੜੇ 1 ਜੁਲਾਈ ਨੂੰ ਆਪਣੇ ਨਾਲ ਵੱਜੀ ਠੱਗੀ ਦੀ ਮਨਦੀਪ ਸਿੰਘ ਖਿਲਾਫ ਸ਼ਿਕਾਇਤ ਦਰਜ ਕਰਾਉਣ ਗਏ ਸੀ | ਡੀ ਐੱਸ ਪੀ ਮਜੀਠਾ ਮਨਮੋਹਣ ਸਿੰਘ ਔਲਖ ਵੱਲੋਂ ਪੁਲਸ ਮੁਲਾਜ਼ਮ ਨੂੰ ਲਾਈਨ ਹਾਜ਼ਰ ਕਰਵਾ ਕੇ ਉਸ ਵਿਰੁੱਧ ਕਾਰਵਾਈ ਕਰਨ ਲਈ ਉੱਚ ਅਧਿਕਾਰੀਆਂ ਨੂੰ ਲਿਖਤੀ ਭੇਜਣ ਦੇ ਬਾਅਦ ਧਰਨਾਕਾਰੀਆਂ ਨੇ ਆਵਾਜਾਈ ਬਹਾਲ ਕੀਤੀ |