31.1 C
Jalandhar
Saturday, July 27, 2024
spot_img

ਰਾਮਦੇਵ ਦੇ ਭਰਮਾਊ ਇਸ਼ਤਿਹਾਰਾਂ ’ਤੇ ਸ਼ਿਕੰਜਾ

ਅਖੌਤੀ ਯੋਗ ਗੁਰੂ ਰਾਮਦੇਵ ਦੀਆਂ ਆਯੁਰਵੈਦਿਕ ਦਵਾਈਆਂ ਤੇ ਵਸਤਾਂ ਬਾਰੇ ਉਹ ਇਸ਼ਤਿਹਾਰਾਂ ਰਾਹੀਂ ਕਈ ਤਰ੍ਹਾਂ ਦੇ ਦਾਅਵੇ ਕਰਦੇ ਆ ਰਹੇ ਹਨ। ਉਹ ਕਈ ਦਵਾਈਆਂ ਬਾਰੇ ਕਹਿੰਦੇ ਰਹਿੰਦੇ ਹਨ ਕਿ ਇਨ੍ਹਾਂ ਰਾਹੀਂ ਕੈਂਸਰ ਵਰਗੀਆਂ ਨਾ ਮੁਰਾਦ ਬਿਮਾਰੀਆਂ ਵੀ ਠੀਕ ਹੋ ਸਕਦੀਆਂ ਹਨ। ਹੁਣ ਕੇਰਲਾ ਦੇ ਡਰੱਗਜ਼ ਕੰਟਰੋਲ ਵਿਭਾਗ ਨੇ ਰਾਮਦੇਵ ਵੱਲੋਂ ਦਿੱਤੇ ਜਾਂਦੇ ਭਰਮ ਪੈਦਾ ਕਰਨ ਵਾਲੇ ਇਸ਼ਤਿਹਾਰਾਂ ਲਈ ਪਤੰਜਲੀ ਦੀ ਆਯੂਰਵੈਦਿਕ ਦਵਾਈਆਂ ਬਣਾਉਣ ਵਾਲੀ ਕੰਪਨੀ ਦਿਵਿਆ ਫਾਰਮੇਸੀ ਵਿਰੁੱਧ ਮੁਕੱਦਮਾ ਦਰਜ ਕਰਨ ਦਾ ਫੈਸਲਾ ਲਿਆ ਹੈ।
ਇਸ ਮਹੀਨੇ ਸੁਪਰੀਮ ਕੋਰਟ ਨੇ ਵੀ ਪਤੰਜਲੀ ਆਯੁਰਵੈਦਿਕ ਦੇ ਇਸ਼ਤਿਹਾਰਾਂ ਬਾਰੇ ਸਖ਼ਤ ਇਤਰਾਜ਼ ਜਤਾਇਆ ਸੀ। ਸੁਪਰੀਮ ਕੋਰਟ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਪਿਛਲੇ ਸਾਲ ਦਾਇਰ ਕੀਤੀ ਗਈ ਰਿੱਟ ਉੱਤੇ ਸੁਣਵਾਈ ਕਰਦਿਆਂ ਕਿਹਾ ਸੀ ਕਿ ਜੇਕਰ ਅਜਿਹੇ ਭਰਮਾਊ ਇਸ਼ਤਿਹਾਰ ਬੰਦ ਨਾ ਕੀਤੇ ਤਾਂ ਅਦਾਲਤ ਪਤੰਜਲੀ ਦੇ ਹਰ ਅਜਿਹੇ ਇਸ਼ਤਿਹਾਰ ’ਤੇ ਇੱਕ ਕਰੋੜ ਰੁਪਏ ਜੁਰਮਾਨਾ ਲਾ ਦੇਵੇਗੀ। ਕੇਂਦਰ ਤੇ ਭਾਜਪਾ ਦੀਆਂ ਸੂਬਾ ਸਰਕਾਰਾਂ ਤਾਂ ਰਾਮਦੇਵ ’ਤੇ ਪੂਰੀਆਂ ਮਿਹਰਬਾਨ ਹਨ, ਉਨ੍ਹਾਂ ਤੋਂ ਉਸ ਵਿਰੁੱਧ ਕਿਸੇ ਕਾਰਵਾਈ ਦੀ ਉਮੀਦ ਨਹੀਂ ਕੀਤੀ ਜਾ ਸਕਦੀ, ਪਰ ਕੇਰਲਾ ਦੀ ਖੱਬੇ ਪੱਖੀ ਸਰਕਾਰ ਨੇ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਤੋਂ ਪਹਿਲਾਂ ਹੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ।
ਕਾਨੂਰ ਦੇ ਅੱਖਾਂ ਦੀਆਂ ਬਿਮਾਰੀਆਂ ਦੇ ਮਾਹਰ ਡਾ. ਕੇ ਵੀ ਬਾਬੂ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਡਰੱਗਜ਼ ਕੰਟਰੋਲ ਵਿਭਾਗ ਨੇ ਕਿਹਾ ਹੈ ਕਿ ਬਾਬੂ ਨੇ 29 ਇਸ਼ਤਿਹਾਰ ਪੇਸ਼ ਕੀਤੇ ਸਨ, ਜੋ ਰਾਜ ਦੇ ਡਰੱਗਜ਼ ਐਂਡ ਮੈਜਿਕ ਰੈਮੇਡੀਜ਼ ਐਕਟ 1954 ਦੀ ਉਲੰਘਣਾ ਹਨ। ਇਨ੍ਹਾਂ ਇਸ਼ਤਿਹਾਰਾਂ ਵਿੱਚ ਪਤੰਜਲੀ ਨੇ ਦਾਅਵਾ ਕੀਤਾ ਸੀ ਕਿ ਉਸ ਵੱਲੋਂ ਤਿਆਰ ਦਵਾਈਆਂ ਬਲੱਡ ਪ੍ਰੈਸ਼ਰ ਤੇ ਸ਼ੂਗਰ ਵਰਗੀਆਂ ਬਿਮਾਰੀਆਂ ਨੂੰ ਠੀਕ ਕਰ ਸਕਦੀਆਂ ਹਨ।
ਕੇ ਵੀ ਬਾਬੂ ਨੇ ਕਿਹਾ ਕਿ ਉਨ੍ਹਾ ਨੇ 2022 ਵਿੱਚ ਕੇਂਦਰੀ ਆਯੂਸ਼ (ਆਯੁਰਵੈਦ, ਯੋਗ ਯੂਨਾਨੀ, ਸਿੱਧ ਤੇ ਹੋਮਿਓਪੈਥੀ) ਮੰਤਰਾਲੇ ਨੂੰ ਅਜਿਹੇ ਇਸ਼ਤਿਹਾਰਾਂ ਬਾਰੇ ਸ਼ਿਕਾਇਤ ਕੀਤੀ ਸੀ। ਆਯੂਸ਼ ਮੰਤਰਾਲੇ ਨੇ ਉਨ੍ਹਾ ਦੀ ਸ਼ਿਕਾਇਤ ’ਤੇ ਉੱਤਰਾਖੰਡ ਦੇ ਅਧਿਕਾਰੀਆਂ ਨੂੰ ਯੋਗ ਕਾਰਵਾਈ ਕਰਨ ਲਈ ਕਿਹਾ ਸੀ, ਪਰ ਕੋਈ ਕਾਰਵਾਈ ਨਹੀਂ ਹੋਈ। ਇਸ ਕਾਰਨ ਹੁਣ ਉਨ੍ਹਾਂ ਕੇਰਲਾ ਡਰੱਗਜ਼ ਕੰਟਰੋਲ ਵਿਭਾਗ ਨੂੰ ਸ਼ਿਕਾਇਤ ਭੇਜੀ ਹੈ। ਇਸ ’ਤੇ ਤੁਰੰਤ ਕਾਰਵਾਈ ਸ਼ੁਰੂ ਹੋ ਗਈ ਹੈ। ਮਾਰਚ 2022 ਵਿੱਚ ਖੁਦ ਆਯੂਸ਼ ਮੰਤਰਾਲੇ ਨੇ ਸੰਸਦ ਵਿੱਚ ਦੱਸਿਆ ਸੀ ਕਿ ਉਸ ਦੇ ਫਾਰਮਾਕੋ ਵਿਜੀਲੈਂਸ ਕੇਂਦਰਾਂ ਨੇ ਉਸ ਨੂੰ 2018 ਤੇ 2021 ਦਰਮਿਆਨ 18812 ਅਜਿਹੇ ਇਤਰਾਜ਼ਯੋਗ ਇਸ਼ਤਿਹਾਰਾਂ ਦੀ ਸੂਚਨਾ ਦਿੱਤੀ ਸੀ। ਡਾ. ਬਾਬੂ ਦਾ ਕਹਿਣਾ ਹੈ ਕਿ ਆਯੁਰਵੈਦਿਕ ਦਵਾਈਆਂ ਦੇ ਨਿਰਮਾਤਾਵਾਂ ਵੱਲੋਂ ਅਜਿਹੇ ਭਰਮਾਊ ਇਸ਼ਤਿਹਾਰ ਗੰਭੀਰ ਬਿਮਾਰੀਆਂ ਵਾਲੇ ਰੋਗੀਆਂ ਨੂੰ ਪ੍ਰਭਾਵਿਤ ਕਰਦੇ ਹਨ, ਜੋ ਉਨ੍ਹਾਂ ਲਈ ਨੁਕਸਾਨਦਾਇਕ ਸਾਬਤ ਹੋ ਸਕਦੇ ਹਨ।

Related Articles

LEAVE A REPLY

Please enter your comment!
Please enter your name here

Latest Articles