ਚੰਡੀਗੜ੍ਹ : ਕਰਨਾਟਕ, ਗੁਜਰਾਤ ਅਤੇ ਉੱਤਰਾਖੰਡ ਨੇ ਚੀਨ ’ਚ ਬੱਚਿਆਂ ’ਚ ਸਾਹ ਦੀਆਂ ਬਿਮਾਰੀਆਂ ’ਚ ਵਾਧੇ ਦੇ ਮੱਦੇਨਜ਼ਰ ਤਿਆਰੀ ਦੀ ਸਮੀਖਿਆ ਕਰਨ ਦੇ ਕੇਂਦਰ ਦੇ ਨਿਰਦੇਸ਼ਾਂ ਤੋਂ ਬਾਅਦ ਆਪਣੇ ਸਿਹਤ ਬੁਨਿਆਦੀ ਢਾਂਚੇ ਨੂੰ ਚੌਕਸ ਕਰ ਦਿੱਤਾ ਹੈ। ਉਨ੍ਹਾਂ ਹਸਪਤਾਲਾਂ ਅਤੇ ਸਿਹਤ ਸੰਭਾਲ ਸਟਾਫ ਨੂੰ ਕਿਹਾ ਹੈ ਕਿ ਉਹ ਸਾਹ ਦੀਆਂ ਸਮੱਸਿਆਵਾਂ ਦੀ ਸ਼ਿਕਾਇਤ ਕਰਨ ਵਾਲੇ ਮਰੀਜ਼ਾਂ ਨਾਲ ਨਜਿੱਠਣ ਲਈ ਤਿਆਰੀ ਯਕੀਨੀ ਬਣਾਉਣ। ਚੌਕਸੀ ਲਈ ਜਾਰੀ ਤਾਜ਼ਾ ਸਲਾਹ ਮੁਤਾਬਕ ਬਿਮਾਰੀ ਦੇ ਲੱਛਣਾਂ ਵਿੱਚ ਮੌਸਮੀ ਬੁਖਾਰ (ਫਲੂ), ਠੰਢ ਲੱਗਣਾ, ਬੇਚੈਨੀ, ਭੁੱਖ ਨਾ ਲੱਗਣਾ, ਦਿਲ ਕੱਚਾ ਹੋਣਾ, ਛਿੱਕਾਂ ਅਤੇ ਸੁੱਕੀ ਖੰਘ ਸ਼ਾਮਲ ਹਨ। ਖੰਘ ਕਮਜ਼ੋਰ ਵਿਅਕਤੀਆਂ ’ਚ ਤਿੰਨ ਹਫਤਿਆਂ ਤੱਕ ਰਹਿ ਸਕਦੀ ਹੈ। ਲੋਕਾਂ ਨੂੰ ਕਿਹਾ ਗਿਆ ਹੈ ਕਿ ਉਹ ਖੰਘਣ ਜਾਂ ਛਿੱਕਣ ਵੇਲੇ ਮੂੰਹ ਅਤੇ ਨੱਕ ਨੂੰ ਢੱਕਣ, ਵਾਰ-ਵਾਰ ਹੱਥ ਧੋਣ, ਚਿਹਰੇ ਨੂੰ ਵਾਰ-ਵਾਰ ਹੱਥ ਨਾ ਲਾਉਣ ਤੇ ਭੀੜ ਵਾਲੀਆਂ ਥਾਵਾਂ ’ਤੇ ਮਾਸਕ ਦੀ ਵਰਤੋਂ ਕਰਨ।
ਹਰਿਆਣਾ ਸਰਕਾਰ ਨੇ ਵੀ ਸੂਬੇ ਦੇ ਸਾਰੇ ਸਿਵਲ ਸਰਜਨਾਂ ਨੂੰ ਚੌਕਸ ਰਹਿਣ ਦਾ ਹੁਕਮ ਦਿੱਤਾ ਹੈ। ਹਰਿਆਣਾ ਦੇ ਡਾਇਰੈਕਟਰ ਸਿਹਤ ਸੇਵਾਵਾਂ ਨੇ ਸੂਬੇ ਦੇ ਸਾਰੇ ਸਿਵਲ ਸਰਜਨਾਂ ਨੂੰ ਪੱਤਰ ਜਾਰੀ ਕਰਦਿਆਂ ‘ਸਾਹ ਦੀ ਅਸਧਾਰਨ ਬਿਮਾਰੀ ਦੇ ਮਰੀਜ਼ਾਂ’ ਬਾਰੇ ਤੁਰੰਤ ਉੱਚ ਅਧਿਕਾਰੀਆਂ ਨੂੰ ਰਿਪੋਰਟ ਕਰਨ ਦੇ ਨਿਰਦੇਸ਼ ਦਿੱਤੇ ਹਨ। ਡਾਇਰੈਕਰਟਰ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੋਰੋਨਾ ਮਹਾਂਮਾਰੀ ਵਾਂਗ ਹੀ ਮੌਜੂਦਾ ਹਾਲਾਤ ’ਚ ਟੈਸਟਿੰਗ, ਮੈਡੀਕਲ ਸਹੂਲਤਾਂ, ਬੈੱਡ ਅਤੇ ਆਕਸੀਜਨ ਦੇ ਲੋੜੀਂਦੇ ਪ੍ਰਬੰਧ ਯਕੀਨੀ ਕੀਤੇ ਜਾਣਗੇ।